ਪਠਾਨਕੋਟ, 29 ਮਈ (ਆਸ਼ੀਸ਼ ਸ਼ਰਮਾ)-ਪਠਾਨਕੋਟ ਪ੍ਰਸ਼ਾਸਨ ਤੇ ਆਬਕਾਰੀ ਵਿਭਾਗ ਉਸ ਸਮੇਂ ਸਵਾਲਾਂ ਦੇ ਘੇਰੇ ਵਿਚ ਆ ਗਿਆ, ਜਦੋਂ ਨਗਰ ਨਿਗਮ ਦੀਆਂ ਵੋਟਾਂ ਦੀ ਗਿਣਤੀ ਵਾਲੇ ਦਿਨ ਡਿਪਟੀ ਕਮਿਸ਼ਨਰ ਵਲੋਂ ਐਲਾਨ ਕੀਤੇ ਗਏ 'ਡਰਾਈ ਡੇ' ਦੇ ਹੁਕਮਾਂ ਦੀ ਸ਼ਰੇਆਮ ਉਲੰਘਣਾ ਕੀਤੀ ਗਈ | ਚੋਣ ਜ਼ਾਬਤੇ ਤੇ ਸੁਰੱਖਿਆ ਨਿਯਮਾਂ ਨੂੰ ਛਿੱਕੇ ਟੰਗ ਕੇ ਪਠਾਨਕੋਟ ਸ਼ਹਿਰ ਵਿਚ ਸ਼ਰਾਬ ਦੇ ਠੇਕੇ ਖੁੱਲ੍ਹੇ ਰਹੇ ਤੇ ਸ਼ਰਾਬ ਦੀ ਵਿੱਕਰੀ ਨਿਰਵਿਘਨ ਜਾਰੀ ਰਹੀ | ਜ਼ਿਕਰਯੋਗ ਹੈ ਕਿ ਚੋਣਾਂ ਦੀ ਗਿਣਤੀ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਤੇ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਪਠਾਨਕੋਟ ਵਲੋਂ ਸਖ਼ਤ ਹੁਕਮ ਜਾਰੀ ਕੀਤੇ ਗਏ ਸਨ | ਇਨ੍ਹਾਂ ਹੁਕਮਾਂ ਤਹਿਤ ਗਿਣਤੀ ਵਾਲੇ ਪੂਰੇ ਦਿਨ ਨੂੰ 'ਡਰਾਈ ਡੇ' ਐਲਾਨ ਕਰਦਿਆਂ ਸਾਰੇ ਠੇਕੇ, ਬਾਰ ਤੇ ਅਹਾਤੇ ਮੁਕੰਮਲ ਤੌਰ 'ਤੇ ਬੰਦ ਰੱਖਣ ਦੀ ਹਦਾਇਤ ਕੀਤੀ ਗਈ ਸੀ | ਪਰ ਠੇਕੇਦਾਰਾਂ ਦੇ ਹੌਂਸਲੇ ਇੰਨੇ੍ਹ ਬੁਲੰਦ ਸਨ ਕਿ ਉਨ੍ਹਾਂ ਨੇ ਪ੍ਰਸ਼ਾਸਨਿਕ ਹੁਕਮਾਂ ਦੀ ਪ੍ਰਵਾਹ ਕੀਤੇ ਬਿਨ੍ਹਾਂ ਸ਼ਰਾਬ ਦੇ ਠੇਕੇ ਖੋਲੇ੍ਹ ਅਤੇ ਵੇਚਣੀ ਜਾਰੀ ਰੱਖੀ | ਇਸ ਲਾਪ੍ਰਵਾਹੀ ਨੂੰ ਲੈ ਕੇ ਸਥਾਨਕ ਨਿਵਾਸੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ | ਕੁਝ ਸੁਚੇਤ ਨਾਗਰਿਕਾਂ ਵਲੋਂ ਖੁੱਲ੍ਹੇ ਠੇਕਿਆਂ ਦੀ ਵੀਡੀਓਜ਼ ਬਣਾ ਕੇ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਕੀਤੀਆਂ ਗਈਆਂ, ਜਿਸ ਤੋਂ ਬਾਅਦ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਚੋਣਾਂ ਵਰਗੇ ਸੰਵੇਦਨਸ਼ੀਲ ਮੌਕੇ 'ਤੇ ਵੀ ਹੁਕਮਾਂ ਦੀ ਪਾਲਨਾ ਨਹੀਂ ਕਰਵਾਈ ਜਾ ਸਕਦੀ, ਤਾਂ ਅਜਿਹੇ ਕਾਗ਼ਜ਼ੀ ਹੁਕਮਾਂ ਦਾ ਕੀ ਫ਼ਾਇਦਾ? ਜਦੋਂ ਇਸ ਸਬੰਧ ਵਿਚ ਆਬਕਾਰੀ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉੱਚ ਅਧਿਕਾਰੀਆਂ ਵਲੋਂ ਸਾਨੂੰ ਠੇਕੇ ਬੰਦ ਕਰਨ ਦੇ ਕੋਈ ਵੀ ਹੁਕਮ ਜਾਰੀ ਨਹੀਂ ਕੀਤੇ ਗਏ ਹਨ | ਪਰ ਜਦ ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਪਠਾਨਕੋਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਤੁਰੰਤ ਸ਼ਹਿਰ ਦੇ ਸਾਰੇ ਠੇਕੇ ਬੰਦ ਕਰਵਾ ਦਿੱਤੇ |