ਗੁਰਦਾਸਪੁਰ, 30 ਮਈ (ਅਸ਼ੋਕ ਸ਼ਰਮਾ)-ਪੰਡੋਰੀ ਰੋਡ ਤੋਂ ਬੀ.ਐਸ.ਐਫ ਰੋਡ ਸਥਿਤ ਵਣ ਵਿਭਾਗ ਨੰੂ ਜਾਂਦੇ ਰੇਲਵੇ ਰੋਡ ਵਾਲੀ ਮੁੱਖ ਸੜਕ ਨੰੂ ਲੋਕ ਨਿਰਮਾਣ ਵਿਭਾਗ ਵਲੋਂ ਬਣਾ ਤਾਂ ਦਿੱਤਾ ਗਿਆ ਪਰ ਪਾਣੀ ਦੇ ਨਿਕਾਸ ਦਾ ਕੋਈ ਵੀ ਸਹੀ ਹੱਲ ਨਹੀਂ ਕਰਵਾਇਆ ਜਿਸ ਕਾਰਨ ਅੱਜ ਪਏ ਮੀਂਹ ਨਾਲ ਸਾਰਾ ਪਾਣੀ ਸੜਕ 'ਤੇ ਇਕੱਠਾ ਹੋ ਗਿਆ ਅਤੇ ਦੁਕਾਨਾਂ ਅੰਦਰ ਵੜ ਗਿਆ | ਜਿਸ ਨਾਲ ਲੋਕਾਂ ਦੇ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ | ਇਸ ਸਬੰਧੀ ਦੁਕਾਨਦਾਰਾਂ ਨੇ ਦੱਸਿਆ ਕਿ ਮਹਿਕਮਾ ਲੋਕ ਨਿਰਮਾਣ ਨੇ ਸੜਕ ਦੀ ਚੌੜਾਈ ਵ ਕਰ ਦਿੱਤੀ ਹੈ ਅਤੇ ਨਾਲਾ ਅਧੂਰਾ ਰਹਿਣ ਕਾਰਨ ਪਾਣੀ ਦਾ ਨਿਕਾਸ ਨਹੀਂ ਕੀਤਾ ਗਿਆ, ਜਿਸ ਕਾਰਨ ਮੀਂਹ ਦੇ ਦਿਨਾਂ ਵਿਚ ਸਾਰਾ ਪਾਣੀ ਦੁਕਾਨਾਂ ਅੰਦਰ ਚਲਾ ਜਾਂਦਾ ਹੈ ਜਿਸ ਨਾਲ ਦੁਕਾਨਦਾਰਾਂ ਨੰੂ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਕਿਹਾ ਕਿ ਇਹ ਸਮੱਸਿਆ ਪਿਛਲੇ ਕਈ ਸਾਲਾ ਤੋਂ ਚੱਲਦੀ ਆ ਰਹੀ ਹੈ, ਜਿਸ ਦੇ ਹੱਲ ਲਈ ਮਹਿਕਮਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੰੂ ਕਈ ਵਾਰ ਗੁਹਾਰ ਲਗਾਈ ਗਈ ਹੈ | ਪਰ ਇਸ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ | ਉਨ੍ਹਾਂ ਡਿਪਟੀ ਕਮਿਸ਼ਨਰ ਪਾਸੋਂ ਮੰਗ ਕੀਤੀ ਕਿ ਸੜਕ ਕੰਢੇ ਪਾਣੀ ਦੇ ਨਿਕਾਸ ਲਈ ਨਾਲਾ ਬਣਾਉਣ ਲਈ ਲੋਕ ਨਿਰਮਾਣ ਵਿਭਾਗ ਨੰੂ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਹੋਣ ਤੋਂ ਬਚ ਸਕੇ |