ਅੱਚਲ ਸਾਹਿਬ, 30 ਮਈ (ਗੁਰਚਰਨ ਸਿੰਘ)-ਸਰਕਾਰੀ ਸੀ.ਸੈਕੰ. ਸਮਾਰਟ ਸਕੂਲ ਰੰਗੜ ਨੰਗਲ ਵਿਖੇ ਮੈਗਾ ਮਾਪੇ ਅਧਿਆਪਕ ਮਿਲਣੀ ਦੌਰਾਨ 'ਸਿੱਖਿਆ ਦਾ ਮਹਾਂ ਜਸ਼ਨ' ਬੜੀ ਧੂਮ-ਧਾਮ ਨਾਲ ਮਨਾਇਆ ਗਿਆ | ਪਿ੍ੰਸੀਪਲ ਰੇਨੂੰ ਬਾਲਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਵਿਚ ਅਕਾਦਮਿਕ ਸੈਸ਼ਨ 2025-26 ਦੌਰਾਨ ਵੱਖ-ਵੱਖ ਬੋਰਡ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਜਿਨਾਂ ਨੇ ਪਹਿਲੇ 3 ਸਥਾਨ ਹਾਸਲ ਕੀਤੇ ਅਤੇ ਵੱਖ-ਵੱਖ ਵਿਸ਼ਿਆਂ ਵਿਚੋਂ ਮੋਹਰੀ ਰਹੇ, ਉਨਾਂ ਨੂੰ ਵਿਭਾਗ ਵਲੋਂ ਭੇਜੇ ਗਏ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ | ਇਸ ਦੇ ਨਾਲ ਹੀ ਨੀਤੀ ਆਯੋਗ (ਭਾਰਤ ਸਰਕਾਰ) ਦੀ ਸਾਲ 2026 ਦੀ ਤਾਜ਼ਾ ਰਿਪੋਰਟ ਵਿਚ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦੇਸ਼ ਭਰ ਵਿਚੋਂ 'ਨੰਬਰ ਇਕ' ਦਾ ਰੈਂਕ ਮਿਲਣ ਦੀ ਖ਼ੁਸ਼ੀ ਵਿਚ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਵੀ ਉਨਾਂ ਦੀ ਵਧੀਆ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਸਿੱਖਿਆ ਸ਼ਾਸਤਰੀ ਤੇ ਆਮ ਆਦਮੀ ਪਾਰਟੀ ਦੇ ਬਲਾਕ ਸੋਸ਼ਲ ਮੀਡੀਆ ਕੋਆਰਡੀਨੇਟਰ ਸੂਬੇਦਾਰ ਨਰਿੰਦਰ ਸਿੰਘ ਰੰਗੜ ਨੰਗਲ ਅਤੇ ਪਿੰਡ ਦੇ ਸਰਪੰਚ ਜਸਬੀਰ ਸਿੰਘ ਪਰਮਾਰ ਨੇ ਸ਼ਿਰਕਤ ਕੀਤੀ | ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਤੇ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ |