ਬਟਾਲਾ, 1 ਜੂਨ (ਸਤਿੰਦਰ ਸਿੰਘ)-ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੀ ਆਨਲਾਈਨ ਸੂਬਾ ਪੱਧਰੀ ਹੰਗਾਮੀ ਮੀਟਿੰਗ ਸੂਬਾ ਚੇਅਰਮੈਨ ਰਘਬੀਰ ਸਿੰਘ ਬਡਵਾਲ ਤੇ ਸੂਬਾ ਪ੍ਰਧਾਨ ਗੁਰਨਾਮ ਸਿੰਘ ਵਿਰਕ ਦੀ ਪ੍ਰਧਾਨਗੀ ਹੇਠ ਹੋਈ | ਇਸ ਸਬੰਧੀ ਸਤਨਾਮ ਸਿੰਘ ਡੇਹਰੀਵਾਲ ਨੇ ਦੱਸਿਆ ਕਿ ਮੀਟਿੰਗ 'ਚ ਹਾਜ਼ਰ ਸਮੁੱਚੀ ਲੀਡਰਸ਼ਿਪ ਵਲੋਂ ਇਸ ਗੱਲ 'ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਕਿ ਜੋ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਵਲੋਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਮਹਿੰਗਾਈ ਭੱਤੇ ਤੇ ਹੋ ਰਹੀ ਸੁਣਵਾਈ ਦੌਰਾਨ ਪੇਸ਼ ਕੀਤੀ ਬੰਦ ਲਿਫਾਫਾ ਰਿਪੋਰਟ ਨੂੰ ਖੱੁਲ੍ਹਣ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਹਨ, ਪੰਜਾਬ ਸਰਕਾਰ ਵਲੋਂ ਸਹੀ ਤੱਥਾਂ ਨੂੰ ਅੱਖੋਂ-ਪਰੋਖੇ ਕਰਕੇ ਬਦਨੀਤੀ ਨਾਲ ਝੂਠੇ ਅੰਕੜੇ ਪੇਸ਼ ਕਰਕੇ ਮਾਨਯੋਗ ਅਦਾਲਤ ਨੂੰ ਵੀ ਗੁੰਮਰਾਹ ਕਰਨ ਦੀ ਜਿੱਥੇ ਕੋਸ਼ਿਸ਼ ਕੀਤੀ ਹੈ, ਉੱਥੇ ਇਹ ਪ੍ਰਤੱਖ ਕਰ ਦਿੱਤਾ ਕਿ ਉਹ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਨੂੰ ਦੇਣ ਤੋਂ ਜਿੱਥੇ ਭੱਜ ਰਹੀ ਹੈ, ਉਥੇ ਹੁਣ ਉਨ੍ਹਾਂ ਦੇ ਸਕੇਲਾਂ ਤੇ ਵੀ ਕੁਹਾੜਾ ਚਲਾਉਣਾ ਚਾਹੁੰਦੀ ਹੈ | ਜਦਕਿ ਸਾਲ 2011 ਵਿਚ 5ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਹੋਣ ਸਮੇਂ ਦੂਜੀ ਵਾਰ ਦਿੱਤਾ ਗਿਆ ਤਨਖਾਹ ਵਾਧਾ ਛੇਵੇਂ ਤਨਖਾਹ ਕਮਿਸ਼ਨ ਨੂੰ ਜਨਵਰੀ 2016 ਵਿਚ ਲਾਗੂ ਕਰਦੇ ਸਮੇਂ ਵਾਪਸ ਲੈ ਲਿਆ ਗਿਆ | ਉੱਥੇ 37 ਪ੍ਰਕਾਰ ਦੇ ਭੱਤੇ ਵੀ ਬੰਦ ਕਰ ਦਿੱਤੇ ਗਏ ਅਤੇ ਮੌਜੂਦਾ ਸਰਕਾਰ ਨੇ 18 ਫ਼ੀਸਦੀ ਮਹਿੰਗਾਈ ਭੱਤਾ ਵੀ ਦੱਬ ਰੱਖਿਆ ਹੈ ਅਤੇ ਹੁਣ ਜੋ ਮੁਲਾਜ਼ਮਾਂ ਨੂੰ ਤਨਖਾਹਾਂ ਮਿਲ ਰਹੀਆਂ ਹਨ, ਉਨ੍ਹਾਂ 'ਤੇ ਵੀ ਕੱਟ ਲਾਉਣ ਲਈ ਸਾਜਿਸ਼ ਘੜੀ ਜਾ ਰਹੀ ਹੈ, ਜਿਸ ਸਬੰਧੀ ਮੁਲਾਜ਼ਮਾਂ ਵਿਚ ਬਹੁਤ ਗੁੱਸਾ ਪਾਇਆ ਜਾ ਰਿਹਾ ਹੈ | ਉਨ੍ਹਾਂ ਜਿੱਥੇ ਇਸ ਰਿਪੋਰਟ ਦੀਆਂ ਕਾਪੀਆਂ ਸਾੜਨ ਦੀ ਮੰਗ ਕੀਤੀ ਹੈ, ਉਥੇ ਨਾਲ ਹੀ ਸਰਕਾਰ ਨੂੰ ਚਿਤਾਵਨੀ ਰੈਲੀਆਂ ਕਰਨ ਅਤੇ ਪੰਜਾਬ ਸਰਕਾਰ ਦਾ ਮੁਕੰਮਲ ਕੰਮ ਬੰਦ ਕਰਨ ਲਈ ਕਲਮ ਛੋੜ ਹੜਤਾਲ ਦੇਣ ਦੀ ਵੀ ਮੰਗ ਕੀਤੀ ਹੈ | ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵਿੱਤ ਮੰਤਰੀ ਪੰਜਾਬ ਨਾਲ ਜਥੇਬੰਦੀ ਨੂੰ 3 ਜੂਨ ਨੂੰ ਮੀਟਿੰਗ ਦਾ ਸਮਾਂ ਦਿੱਤਾ ਗਿਆ ਹੈ | ਫਿਰ ਵੀ ਸੂਬਾ ਕਮੇਟੀ ਨੇ ਸਮੂਹ ਆਗੂਆਂ ਦੀ ਰਾਏ ਮੁਤਾਬਕ ਸਰਬਸੰਮਤੀ ਨਾਲ ਫੈਸਲਾ ਕੀਤਾ ਹੈ ਕਿ ਅੱਜ 2 ਜੂਨ ਨੂੰ 11 ਵਜੇ ਪੰਜਾਬ ਸਰਕਾਰ ਵਲੋਂ ਮਾਣਯੋਗ ਹਾਈਕੋਰਟ ਵਿਚ ਪੇਸ਼ ਕੀਤੀ ਗਲਤ ਤੱਥਾਂ ਦੀ ਮੁਲਾਜ਼ਮ ਵਿਰੋਧੀ ਰਿਪੋਰਟ ਦੀਆਂ ਕਾਪੀਆਂ ਜ਼ਿਲ੍ਹਾ ਹੈੱਡ ਕੁਆਟਰਾਂ 'ਤੇ ਸਾੜੀਆਂ ਜਾਣਗੀਆਂ | ਇਸ ਮੌਕੇ ਸੁਖਦੇਵ ਸਿੰਘ ਬਟਾਲਾ, ਗੁਰਜੀਤ ਸਿੰਘ ਜ਼ਿਲ੍ਹਾ ਜਨਰਲ ਸਕੱਤਰ, ਮਨਪ੍ਰੀਤ ਸਿੰਘ ਗੁਰਦਾਸਪੁਰ, ਰਵੀ ਕੁਮਾਰ, ਵਿਸ਼ਾਲ ਸਟੈਨੋ, ਮੀਰ ਠਾਕੁਰ, ਰਾਜਵਿੰਦਰ ਕੌਰ, ਸੰਦੀਪ ਕੌਰ ਆਦਿ ਹਾਜ਼ਰ ਸਨ |