‘ਝੋਟੇ ਦੇ ਕਤਲ ਨੇ ਪੰਜਾਬ ਸਰਕਾਰ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ’ਤੇ ਖੜ੍ਹੇ ਕੀਤੇ ਸਵਾਲ-ਛੋਟੇਪੁਰ
ਕਲਾਨੌਰ, 13 ਅਕਤੂਬਰ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਸਾ.
ਕਲਾਨੌਰ, 13 ਅਕਤੂਬਰ (ਪੁਰੇਵਾਲ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਮੀਤ ਪ੍ਰਧਾਨ ਜਥੇ. ਸੁੱਚਾ ਸਿੰਘ ਛੋਟੇਪੁਰ ਸਾ. ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਇਕ ਪਾਸੇ ਪੰਜਾਬ ’ਚ ਇਨਕਲਾਬ ਲਿਆਉਣ ਦੇ ਨਾਂਅ ’ਤੇ ਸੱਤਾ ’ਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਨਸ਼ਿਆਂ ਖਿਲਾਫ਼ ਯੁੱਧ ਚਲਾ ਕੇ ਕਰੋੜਾਂ ਖਰਚ ਕੀਤੇ ਜਾ ਰਹੇ ਹਨ ਤੇ ਨਸ਼ਿਆਂ ਦੇ ਖਾਤਮੇ ਦੇ ਦਾਅਵਿਆਂ ਲਈ ਪ੍ਰਚਾਰ ’ਤੇ ਵੀ ਪੈਸਾ ਵਹਾਇਆ ਜਾ ਰਿਹਾ ਹੈ, ਜਦਕਿ ਇਸ ਦੇ ਉਲਟ ਸੂਬੇ ’ਚ ਨਸ਼ਿਆਂ ਖਿਲਾਫ਼ ਅਵਾਜ਼ ਬੁਲੰਦ ਕਰਨ ਵਾਲਿਆਂ ਤੇ ਨਸ਼ਿਆਂ ਦੀ ਰੋਕਥਾਮ ਦੀ ਅਵਾਜ਼ ਉਠਾਉਣ ਵਾਲਿਆਂ ਦੇ ਕਤਲ ਹੋ ਰਹੇ ਹਨ, ਜੋ ਪੰਜਾਬ ਸਰਕਾਰ ’ਤੇ ਸਿੱਧਾ ਸਵਾਲੀਆ ਨਿਸ਼ਾਨ ਹੈ। ਜਥੇ. ਛੋਟੇਪੁਰ ਨੇ ਕਿਹਾ ਕਿ ਕਮਜ਼ੋਰ ਕਾਨੂੰਨੀ ਵਿਵਸਥਾ ਕਾਰਨ ਸੂਬੇ ਦੇ ਅਮਨਪਸੰਦ ਲੋਕਾਂ ’ਚ ਡਰ ਦਾ ਮਹੌਲ ਤੇ ਲੋਕ ‘ਭੈਅ’ ’ਚ ਜੀਵਨ ਬਤੀਤ ਕਰਨ ਲਈ ਮਜਬੂਰ ਹਨ। ਜਥੇ. ਛੋਟੇਪੁਰ ਨੇ ਕਿਹਾ ਕਿ ਪੰਜਾਬ ਵਿਚ ਵਹਿ ਰਹੇ ਨਸ਼ਿਆਂ ਦੇ ਦਰਿਆ ਨੂੰ ਠੱਲ ਪਾਉਣ ਤੇ ਨਸ਼ਿਆਂ ਖਿਲਾਫ਼ ਆਵਾਜ਼ ਬੁਲੰਦ ਕਰ ਰਹੇ ਪਰਵਿੰਦਰ ਸਿੰਘ ਝੋਟਾ ਦਾ ਚਿੱਟੇ ਦਿਨ ਕਤਲ ਹੋਣਾ ਮੰਦਭਾਗਾ ਹੈ ਅਤੇ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਠੁੱਸ ਹੋ ਕੇ ਰਹਿ ਗਈ ਹੈ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ ਅਮਨਦੀਪ ਸਿੰਘ ਗਿੱਲ ਨੇ ਵੀ ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਦੀ ਨਿਖੇਧੀ ਕੀਤੀ ਹੈ।