ਪਠਾਨਕੋਟ, 1 ਜੂਨ (ਸੁਮਿਤ)-ਕਾਂਗੜਾ ਵੈਲੀ ਰੇਲ ਖੰਡ 'ਤੇ ਲੋੜੀਂਦਾ ਸਟਾਫ਼ ਮੁਹੱਈਆ ਕਰਵਾਏ ਬਿਨ੍ਹਾਂ ਟਰੇਨਾਂ ਦਾ ਸੰਚਾਲਨ ਸ਼ੁਰੂ ਕਰਨ ਦੇ ਫ਼ੈਸਲੇ ਦੇ ਵਿਰੋਧ ਵਿਚ ਸੋਮਵਾਰ ਨੂੰ ਰੇਲਵੇ ਕਰਮਚਾਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ | ਨਾਰਦਰਨ ਰੇਲਵੇ ਮੈਨਜ਼ ਯੂਨੀਅਨ (ਐਨ.ਆਰ.ਐਮ.ਯੂ.) ਵਲੋਂ ਫ਼ਿਰੋਜ਼ਪੁਰ ਤੇ ਜੰਮੂ ਮੰਡਲ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚ ਗੇਟ ਮੀਟਿੰਗਾਂ ਕਰਕੇ ਰੇਲ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟਾਇਆ ਗਿਆ | ਇਸੇ ਕੜੀ ਤਹਿਤ ਪਠਾਨਕੋਟ ਸ਼ਾਖਾ ਵਲੋਂ ਸਟੇਸ਼ਨ ਪ੍ਰੰਗਣ ਵਿਚ ਸ਼ਾਖਾ ਪ੍ਰਧਾਨ ਸੁਰੇਸ਼ ਮਹਾਜਨ ਦੀ ਅਗਵਾਈ ਹੇਠ ਗੇਟ ਮੀਟਿੰਗ ਕਰਵਾਈ ਗਈ | ਮੀਟਿੰਗ ਦਾ ਸੰਚਾਲਨ ਸ਼ਾਖਾ ਸਕੱਤਰ ਲਖਬੀਰ ਸਿੰਘ ਨੇ ਕੀਤਾ | ਉਨ੍ਹਾਂ ਸੀਨੀਅਰ ਮੰਡਲ ਸੰਚਾਲਨ ਪ੍ਰਬੰਧਕ ਦੀਆਂ ਨੀਤੀਆਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਬਿਨ੍ਹਾਂ ਕਿਸੇ ਠੋਸ ਯੋਜਨਾ ਦੇ ਕਾਂਗੜਾ ਵੈਲੀ ਟਰੇਨਾਂ ਦਾ ਸੰਚਾਲਨ ਸ਼ੁਰੂ ਕਰਨਾ ਕਰਮਚਾਰੀਆਂ ਤੇ ਯਾਤਰੀਆਂ ਦੋਵਾਂ ਦੇ ਹਿਤ ਵਿਚ ਨਹੀਂ ਹੈ | ਉਨ੍ਹਾਂ ਮੰਗ ਕੀਤੀ ਕਿ ਟਰੇਨਾਂ ਦਾ ਸੰਚਾਲਨ ਪਹਿਲਾਂ ਵਾਂਗ ਪਠਾਨਕੋਟ ਤੋਂ ਹੀ ਕੀਤਾ ਜਾਵੇ | ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਮੰਡਲ ਸਕੱਤਰ ਸ਼ਿਵ ਦੱਤ ਨੇ ਕਿਹਾ ਕਿ ਸਟਾਫ਼ ਦੀ ਘਾਟ ਦੂਰ ਕੀਤੇ ਬਿਨਾਂ ਰੇਲ ਸੰਚਾਲਨ ਸਬੰਧੀ ਫ਼ੈਸਲੇ ਥੋਪਣਾ ਠੀਕ ਨਹੀਂ ਹੈ | ਇਸ ਮੌਕੇ ਕੋਸ਼ਾਧਿਕਾਰੀ ਯਸ਼ਪਾਲ ਸਿੰਘ, ਮਨਮੋਹਨ ਸਿੰਘ, ਰੋਹਿਤ ਸ਼ਰਮਾ, ਮਨੋਜ ਕੁਮਾਰ, ਬੋਧ ਰਾਜ, ਰਣਜੀਤ ਸਿੰਘ, ਰਾਜੇਸ਼ ਅਹੂਜਾ ਅਤੇ ਦੀਪਕ ਕੁਮਾਰ ਸਮੇਤ ਹੋਰ ਬੁਲਾਰਿਆਂ ਨੇ ਵੀ ਰੇਲ ਪ੍ਰਸ਼ਾਸਨ ਦੀਆਂ ਕਥਿਤ ਕਰਮਚਾਰੀ ਵਿਰੋਧੀ ਨੀਤੀਆਂ ਦੀ ਆਲੋਚਨਾ ਕੀਤੀ ਤੇ ਅੰਦੋਲਨ ਨੂੰ ਅੱਗੇ ਵਧਾਉਣ ਦਾ ਸੰਕਲਪ ਦੁਹਰਾਇਆ |