ਡੇਰਾ ਬਾਬਾ ਨਾਨਕ, 5 ਜੂਨ (ਹੀਰਾ ਸਿੰਘ ਮਾਂਗਟ)-ਪੰਜਾਬ ਸਰਕਾਰ ਤੇ ਪੁਲਿਸ ਵਿਭਾਗ ਵਲੋਂ ਗੈਂਗਸਟਰਵਾਦ ਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਚਲਾਏ ਗਏ ਅਪ੍ਰੇਸ਼ਨ ਪਰਹਾਰ 2 ਅਧੀਨ ਅੱਜ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਇਕ ਨੌਜਵਾਨ ਨੂੰ 2 ਪਿਸਤੌਲ ਤੇ 4 ਮੈਗਜੀਨਾਂ ਸਮੇਤ ਕਾਬੂ ਕਰਨ 'ਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ | ਇਸ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਜੋਗਾ ਸਿੰਘ ਡੀ.ਐੱਸ.ਪੀ. ਡੇਰਾ ਬਾਬਾ ਨਾਨਕ ਨੇ ਦੱਸਿਆ ਕਿ ਐੱਸ.ਐੱਚ.ਓ. ਅਸ਼ੋਕ ਕੁਮਾਰ ਵਲੋਂ ਸਮੇਤ ਪੁਲਿਸ ਪਾਰਟੀ ਸਰਹੱਦੀ ਇਲਾਕੇ ਅੰਦਰ ਨਾਕਾਬੰਦੀ ਕੀਤੀ ਹੋਈ ਸੀ ਕਿ ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਕੋਈ ਅਣਪਛਾਤਾ ਵਿਅਕਤੀ ਕਲਾਨੌਰ ਵਾਲੇ ਪਾਸੇ ਤੋਂ ਡੇਰਾ ਬਾਬਾ ਨਾਨਕ ਨੂੰ ਹਥਿਆਰਾਂ ਦੀ ਖੇਪ ਲੈ ਕੇ ਆ ਰਿਹਾ ਹੈ | ਜਦ ਪੁਲਿਸ ਵਲੋਂ ਪਿੰਡ ਕਾਦੀਆਂ ਗੁਜਰਾਂ ਦੇ ਟੀ ਪੁਆਇੰਟ ਨੇੜੇ ਮੀਂਹ ਕਾਰਨ ਸ਼ੈੱਡ ਹੇਠਾਂ ਖੜ੍ਹੇ ਇਕ ਵਿਅਕਤੀ ਜਿਸ ਨੇ ਆਪਣੇ ਹੱਥ 'ਚ ਲਿਫ਼ਾਫ਼ਾ ਫੜਿਆ ਹੋਇਆ ਸੀ, ਦੀ ਸ਼ੱਕੀ ਹਾਲਤ ਵਿਚ ਚੈਕਿੰਗ ਕੀਤੀ ਤਾਂ ਉਸ ਕੋਲੋਂ 30 ਬੋਰ ਦੇ 2 ਵਿਦੇਸ਼ੀ ਪਿਸਤੌਲ ਤੇ ਚਾਰ ਮੈਗਜ਼ੀਨ ਬਰਾਮਦ ਹੋਏ ਹਨ | ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਫੜੇ ਗਏ ਨੌਜਵਾਨ ਦੀ ਪਹਿਛਾਣ ਗੁਰਸੁਖਵਿੰਦਰ ਸਿੰਘ ਉਰਫ ਸਾਬਾ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਤਲਵੰਡੀ ਗੁਰਾਇਆ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ, ਜਿਸ ਨੂੰ ਕਾਬੂ ਕਰਕੇ 25 ਆਰਮਜ਼ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਤੇ ਰਿਮਾਂਡ ਹਾਸਲ ਕਰਨ ਲਈ ਮਾਨਯੋਗ ਅਦਾਲਤ ਵਿਚ ਪੇਸ਼ ਕਰਨ ਲਈ ਭੇਜ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਰਿਮਾਂਡ ਮਿਲਣ 'ਤੇ ਜਾਂਚ ਕਰਨ ਉਪਰੰਤ ਉਕਤ ਨੌਜਵਾਨ ਕੋਲੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ |