ਤਿੱਬੜ, 7 ਜੂਨ (ਸੋਹਨ ਮਲਿਕ)-ਜਦੋਂ ਵੀ ਕਿਸੇ ਦੁਸ਼ਮਣ ਨੇ ਭਾਰਤ ਮਾਂ ਵੱਲ ਮਾੜੀ ਨਜ਼ਰ ਨਾਲ ਵੇਖਿਆ, ਸਾਡੇ ਬਹਾਦਰ ਸੈਨਿਕਾਂ ਨੇ ਆਪਣੇ ਪ੍ਰਾਣਾਂ ਦੀ ਕੁਰਬਾਨੀ ਦੇ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਰੱਖਿਆ ਕੀਤੀ | ਅਜਿਹੇ ਹੀ ਸ਼ਹੀਦਾਂ ਦੀ ਸ਼੍ਰੇਣੀ ਵਿਚ ਪਿੰਡ ਮਾਨੇਪੁਰ ਦੇ ਬੀ.ਐਸ.ਐਫ. ਦੇ ਕਾਂਸਟੇਬਲ ਗੁਰਵਿੰਦਰ ਸਿੰਘ ਦਾ ਨਾਮ ਵੀ ਸ਼ਾਮਿਲ ਹੈ | ਜਿਨ੍ਹਾਂ ਨੇ 9 ਸਾਲ ਪਹਿਲਾਂ ਸਿਰਫ਼ 26 ਸਾਲ ਦੀ ਉਮਰ ਵਿਚ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ 'ਚ ਅੱਤਵਾਦੀਆਂ ਨਾਲ ਲੜਦਿਆਂ ਸ਼ਹਾਦਤ ਪ੍ਰਾਪਤ ਕੀਤੀ ਸੀ | ਕਾਂਸਟੇਬਲ ਗੁਰਵਿੰਦਰ ਸਿੰਘ ਦਾ ਜਨਮ 4 ਅਕਤੂਬਰ 1991 ਨੂੰ ਪਿਤਾ ਸਤਵਿੰਦਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਪਿੰਡ ਮਾਨੇਪੁਰ ਵਿਖੇ ਹੋਇਆ | ਉਨ੍ਹਾਂ ਨੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਬੁਰਜ ਸਾਹਿਬ ਧਾਰੀਵਾਲ ਤੋਂ 12ਵੀਂ ਪਾਸ ਕਰਨ ਤੋਂ ਬਾਅਦ ਸਾਲ 2013 ਵਿਚ ਬੀ.ਐਸ.ਐਫ. ਦੀ 137 ਬਟਾਲੀਅਨ ਵਿਚ ਭਰਤੀ ਹੋ ਕੇ ਦੇਸ਼ ਸੇਵਾ ਸ਼ੁਰੂ ਕੀਤੀ | 8 ਜੂਨ 2017 ਨੂੰ ਉਨ੍ਹਾਂ ਦੀ ਯੂਨਿਟ ਜੰਮੂ-ਕਸ਼ਮੀਰ ਦੇ ਪੁੰਛ ਸੈਕਟਰ ਦੇ ਮੰਦਿਰ ਮੰਡੀ ਖੇਤਰ ਵਿਚ ਤਾਇਨਾਤ ਸੀ | ਜੰਗਲ ਵਿਚ ਪਾਕਿਸਤਾਨ ਸਮਰਥਕ ਅੱਤਵਾਦੀਆਂ ਦੇ ਲੁਕੇ ਹੋਣ ਦੀ ਸੂਚਨਾ ਮਿਲਣ 'ਤੇ ਗੁਰਵਿੰਦਰ ਸਿੰਘ ਆਪਣੀ ਟੀਮ ਨਾਲ ਤਲਾਸ਼ੀ ਮੁਹਿੰਮ 'ਤੇ ਨਿਕਲੇ | ਇਸ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ | ਗੁਰਵਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੇ ਵੀ ਡਟ ਕੇ ਇਸ ਹਮਲੇ ਦਾ ਜਵਾਬ ਦਿੱਤਾ ਅਤੇ ਅੱਤਵਾਦੀਆਂ ਨੂੰ ਕਾਫ਼ੀ ਜਾਨੀ ਨੁਕਸਾਨ ਪਹੁੰਚਾਇਆ | ਦੋਵਾਂ ਪਾਸਿਆਂ ਤੋਂ ਹੋਈ ਭਿਆਨਕ ਗੋਲੀਬਾਰੀ ਦੌਰਾਨ ਅੱਤਵਾਦੀਆਂ ਦੀ ਇਕ ਗੋਲੀ ਗੁਰਵਿੰਦਰ ਸਿੰਘ ਦੇ ਸੀਨੇ ਵਿਚ ਲੱਗੀ, ਜਿਸ ਕਾਰਨ ਉਹ ਸ਼ਹੀਦ ਹੋ ਗਏ | ਇਸ ਤਰ੍ਹਾਂ ਉਨਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰਕੇ ਆਪਣਾ ਨਾਮ ਸ਼ਹੀਦਾਂ ਦੀ ਸੂਚੀ ਵਿਚ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ | ਜ਼ਿਕਰਯੋਗ ਹੈ ਕਿ ਘਰ ਵਿਚ ਮਾਂ ਆਪਣੇ ਪੁੱਤਰ ਦੇ ਵਿਆਹ ਦੇ ਸੁਪਨੇ ਦੇਖ ਰਹੀ ਸੀ, ਪਰ ਭਾਰਤ ਮਾਂ ਦਾ ਇਹ ਬਹਾਦਰ ਸਪੂਤ ਸ਼ਹਾਦਤ ਨੂੰ ਹੀ ਆਪਣੀ ਦੁਲਹਨ ਬਣਾ ਕੇ ਦੇਸ਼ ਲਈ ਕੁਰਬਾਨ ਹੋ ਗਿਆ | ਇਸ ਬਹਾਦਰ ਸੈਨਿਕ ਦੀ ਸ਼ਹਾਦਤ ਨੂੰ ਨਮਨ ਕਰਨ ਲਈ 8 ਜੂਨ ਦਿਨ ਸੋਮਵਾਰ ਨੂੰ ਪਿੰਡ ਮਾਨੇਪੁਰ ਵਿਚ ਉਨ੍ਹਾਂ ਦੇ ਘਰ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਜਾਵੇਗਾ | ਇਸ ਸਮਾਗਮ ਵਿਚ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੈਨਿਕ ਅਧਿਕਾਰੀ ਸ਼ਾਮਿਲ ਹੋ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ |