ਗੁਰਦਾਸਪੁਰ, 7 ਜੂਨ (ਅਸ਼ੋਕ ਸ਼ਰਮਾ)-ਗੁਰਦਾਸਪੁਰ-ਮੁਕੇਰੀਆਂ ਮੁੱਖ ਮਾਰਗ 'ਤੇ ਪੈਂਦੀ ਅੱਪਰਬਾਰੀ ਦੁਆਬ ਤੇ ਕਸੂਰ ਬਰਾਂਚ ਨਹਿਰਾਂ 'ਤੇ 2007 'ਚ ਬਣੇ ਪੁਲ ਦੀਆਂ ਸੋਲਰ ਲਾਈਟਾਂ 10 ਸਾਲ ਤੋਂ ਬੰਦ ਪਈਆਂ ਹੋਈਆਂ ਹਨ | ਜਿਸ ਨਾਲ ਨਿੱਤ ਹਾਦਸੇ ਵਾਪਰਨ ਨਾਲ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ | ਇਸ ਪਾਸੇ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਦਾ ਇਲੈਕਟ੍ਰੀਕਲ ਵਿੰਗ ਬਿਲਕੁਲ ਧਿਆਨ ਨਹੀਂ ਦੇ ਰਿਹਾ ਹੈ | ਜਿਸ ਕਰਕੇ ਇਲਾਕੇ ਦੀ ਜਨਤਾ ਦਾ ਉਕਤ ਮਹਿਕਮੇ ਖ਼ਿਲਾਫ਼ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਸਾਬਕਾ ਸਰਪੰਚ ਹਰਭਜਨ ਸਿੰਘ, ਸਾਬਕਾ ਸਰਪੰਚ ਪ੍ਰੇਮ ਲਾਲ, ਸਾਬਕਾ ਸਰਪੰਚ ਰਵੀ ਸਿੰਘ ਮਿਨਹਾਸ ਤੇ ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਉਕਤ ਨਹਿਰਾਂ 'ਤੇ ਅੰਗਰੇਜ਼ਾਂ ਵੇਲੇ ਦਾ ਬਣਿਆ ਪੁਲ ਜਿਸ ਦੀ ਮੁਨਿਆਦ ਖ਼ਤਮ ਹੋ ਚੁੱਕੀ ਸੀ, 2005 'ਚ ਹੇਠਾਂ ਬੈਠ ਗਿਆ ਸੀ | ਇਸ ਨਾਲ ਗੁਰਦਾਸਪੁਰ-ਮੁਕੇਰੀਆਂ ਦਾ ਰਸਤਾ ਆਪਸ ਵਿਚ ਕੱਟਿਆ ਗਿਆ ਸੀ | ਉਸ ਸਮੇਂ ਦੀ ਅਕਾਲੀ ਸਰਕਾਰ ਨੇ 2 ਸਾਲ ਦੇ ਅਰਸੇ 'ਚ ਪੁਲ ਦੀ ਉਸਾਰੀ 2007 ਵਿਚ ਕਰਵਾ ਕੇ ਲੋਕਾਂ ਨੰੂ ਸਮਰਪਿਤ ਕਰ ਦਿੱਤਾ ਸੀ | ਪੁਲ 'ਤੇ ਲੱਖਾਂ ਰੁਪਏ ਖਰਚ ਕਰਕੇ ਆਧੁਨਿਕ ਬਣਾਇਆ ਗਿਆ ਸੀ ਤੇ ਪੁਲ ਦੇ ਮਹਿਕਮਾ ਲੋਕ ਨਿਰਮਾਣ ਵਿਭਾਗ ਦੇ ਇਲੈਕਟ੍ਰੀਕਲ ਵਿੰਗ ਨੇ ਸੋਲਰ ਲਾਈਟਾਂ ਲਗਵਾਈਆਂ ਸਨ | ਸਿਰਫ਼ ਇਕ ਦੋ ਸਾਲ ਹੀ ਲਾਈਟਾਂ ਚੱਲੀਆਂ ਫਿਰ ਬੰਦ ਹੋ ਗਈਆਂ ਸਨ | ਦੁਬਾਰਾ ਲਾਈਟਾਂ ਲਗਵਾਉਣ ਦਾ ਮਹਿਕਮੇ ਨੇ ਕੋਈ ਵੀ ਪ੍ਰਬੰਧ ਨਹੀਂ ਕੀਤਾ | ਇੱਥੋਂ ਤੱਕ ਕਿ ਚੋਰਾਂ ਨੇ ਸੋਲਰ ਲਾਈਟਾਂ ਦੀਆਂ ਬੈਟਰੀ ਤੇ ਖੰਬੇ ਵੀ ਚੋਰੀ ਕਰ ਲਏ ਹੋਏ ਹਨ | ਉਨ੍ਹਾਂ ਦੱਸਿਆ ਕਿ ਮਹਿਕਮੇ ਨੰੂ ਅਨੇਕਾਂ ਵਾਰ ਸ਼ਿਕਾਇਤਾਂ ਕੀਤੀਆਂ ਕਿ ਦੋਵਾਂ ਪੁਲਾਂ ਤੋਂ ਸੋਲਰ ਲਾਈਟਾਂ ਲਗਵਾਈਆਂ ਜਾਣ | ਪਰ ਮਹਿਕਮਾ ਸਭ ਕੁਝ ਜਾਣਦਾ ਹੋਇਆ ਵੀ ਚੁੱਪ ਧਾਰੀ ਬੈਠਾ ਹੈ | ਉਨ੍ਹਾਂ ਦੱਸਿਆ ਕਿ ਇਸ ਮੁੱਖ ਸੜਕ ਤੋਂ ਨਿੱਤ ਹਜ਼ਾਰਾਂ ਵਾਹਨ ਦਿੱਲੀ, ਪੰਜਾਬ, ਹਿਮਾਚਲ ਪ੍ਰਦੇਸ਼ ਤੋਂ ਜੰਮੂ ਕਸ਼ਮੀਰ ਨੰੂ ਜਾਂਦੇ ਹਨ | ਜਦੋਂ ਕਿ ਪੁਲ 'ਤੇ ਟੇਢਾ ਮੋੜ ਹੋਣ ਕਰਕੇ ਤੇਜ਼ ਰਫਤਾਰ ਗੱਡੀਆਂ ਦਾ ਸੰਤੁਲਨ ਵਿਗੜਨ ਨਾਲ ਪਲਟ ਜਾਂਦੀਆਂ ਹਨ ਅਤੇ ਵਾਹਨ ਚਾਲਕਾਂ ਦਾ ਕਾਫ਼ੀ ਨੁਕਸਾਨ ਵੀ ਹੋ ਰਿਹਾ ਹੈ | ਇਹ ਹਾਦਸੇ ਮਹਿਕਮੇ ਦੀ ਲਾਪ੍ਰਵਾਹੀ ਦਾ ਸਿੱਟਾ ਹਨ | ਉਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਖ-ਵੱਖ ਸਮੇਂ ਰਹਿ ਚੁੱਕੇ ਡਿਪਟੀ ਕਮਿਸ਼ਨਰਾਂ ਨੰੂ ਮੰਗ ਪੱਤਰ ਵੀ ਦਿੱਤੇ ਹਨ, ਉਹ ਵੀ ਇਸ ਪਾਸੇ ਗੰਭੀਰ ਨਹੀਂ ਹੋਏ | ਜਿਸ ਕਰਕੇ ਇਲਾਕਾ ਨਿਵਾਸੀ ਕਾਫ਼ੀ ਚਿੰਤਤ ਹੋਇਆ ਪਿਆ ਹੈ | ਉਨ੍ਹਾਂ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਲੋਕ ਨਿਰਮਾਣ ਵਿਭਾਗ ਪੰਜਾਬ ਦੇ ਕੈਬਨਿਟ ਮੰਤਰੀ ਨੰੂ ਹਦਾਇਤਾਂ ਕਰਕੇ ਪੁਲ 'ਤੇ ਸੋਲਰ ਲਾਈਟਾਂ ਲਗਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ |