ਪਠਾਨਕੋਟ, 12 ਜੂਨ (ਸੁਮਿਤ)-ਸ਼ਹਿਰ ਦੇ ਸਿੰਬਲ ਚੌਕ ਇਲਾਕੇ 'ਚ ਦੇਰ ਰਾਤ ਹੋਏ ਇਕ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ | ਜਾਣਕਾਰੀ ਅਨੁਸਾਰ ਦੋਵੇਂ ਨੌਜਵਾਨ ਨੋਵੇਲਟੀ ਮਾਲ ਇਲਾਕੇ ਤੋਂ ਆਪਣੇ ਪਿੰਡ ਜੋ ਕਿ ਹਿਮਾਚਲ ਪ੍ਰਦੇਸ਼ 'ਚ ਸਥਿਤ ਹੈ, ਵਾਪਸ ਜਾ ਰਹੇ ਸਨ ਕਿ ਜਦੋਂ ਉਹ ਰਾਜ ਹਸਪਤਾਲ ਦੇ ਨੇੜੇ ਪਹੁੰਚੇ ਤਾਂ ਪਿੱਛੋਂ ਆ ਰਹੀ ਇਕ ਤੇਜ਼ ਰਫ਼ਤਾਰ ਆਲਟੋ ਕਾਰ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ | ਟੱਕਰ ਇੰਨ੍ਹੀ ਭਿਆਨਕ ਸੀ ਕਿ ਦੋਵੇਂ ਨੌਜਵਾਨ ਸੜਕ 'ਤੇ ਡਿੱਗ ਕੇ ਗੰਭੀਰ ਜ਼ਖ਼ਮੀ ਹੋ ਗਏ | ਪ੍ਰਤੱਖਦਰਸ਼ੀਆਂ ਮੁਤਾਬਿਕ ਹਾਦਸੇ ਤੋਂ ਬਾਅਦ ਕਾਰ ਚਾਲਕ ਮੌਕੇ 'ਤੇ ਰੁਕਿਆ ਨਹੀਂ ਤੇ ਜ਼ਖ਼ਮੀਆਂ ਨੂੰ ਸੜਕ ਦੇ ਵਿਚਕਾਰ ਛੱਡ ਕੇ ਫ਼ਰਾਰ ਹੋ ਗਿਆ | ਘਟਨਾ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਤੁਰੰਤ ਜ਼ਖ਼ਮੀਆਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ | ਹਾਦਸੇ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਪੁਲਿਸ ਵਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਘਾਲੀ ਜਾ ਰਹੀ ਹੈ, ਤਾਂ ਜੋ ਫ਼ਰਾਰ ਕਾਰ ਚਾਲਕ ਦੀ ਪਹਿਚਾਣ ਕੀਤੀ ਜਾ ਸਕੇ | ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਨ੍ਹਾਂ ਦਾ ਇਲਾਜ ਜਾਰੀ ਹੈ | ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ |