ਦੀਨਾਨਗਰ, 14 ਜੂਨ (ਸ਼ਾਮ ਸਿੰਘ ਘੁੰਮਣ)-2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਮਹਿਜ਼ ਕੁਝ ਮਹੀਨੇ ਪਹਿਲਾਂ ਹੋਈਆਂ ਤੇ 2027 ਦਾ ਸੈਮੀਫਾਈਨਲ ਮੰਨੀਆਂ ਜਾ ਰਹੀਆਂ ਨਗਰ ਕੌਂਸਲ ਦੀਨਾਨਗਰ ਦੀਆਂ ਚੋਣਾਂ ਦੇ ਬੀਤੀ ਸ਼ਾਮ ਆਏ ਨਤੀਜਿਆਂ 'ਚ ਦੀਨਾਨਗਰ ਸ਼ਹਿਰ 'ਚ ਆਮ ਆਦਮੀ ਪਾਰਟੀ ਵੋਟ ਸ਼ੇਅਰ ਦੇ ਮਾਮਲੇ 'ਚ ਸਭ ਤੋਂ ਵੱਡੀ ਪਾਰਟੀ ਵਜੋਂ ਸ਼ਹਿਰੀ ਵਰਗ ਦੀ ਪਹਿਲੀ ਪਸੰਦ ਬਣ ਕੇ ਉੱਭਰੀ ਹੈ | 15 'ਚੋਂ 14 ਵਾਰਡਾਂ ਦੇ ਆਏ ਨਤੀਜਿਆਂ 'ਚ ਦੀਨਾਨਗਰ ਸ਼ਹਿਰ ਦੇ ਵੋਟਰਾਂ ਨੇ ਇਨ੍ਹਾਂ ਚੋਣਾਂ ਵਿਚ ਵੋਟ ਸ਼ੇਅਰ ਦੇ ਮਾਮਲੇ 'ਚ ਕਾਂਗਰਸ ਨੂੰ ਦੂਜੇ, ਭਾਜਪਾ ਨੂੰ ਤੀਜੇ ਤੇ ਅਕਾਲੀ ਦਲ ਨੂੰ ਚੌਥੇ ਸਥਾਨ 'ਤੇ ਰੱਖਿਆ ਹੈ | ਹਾਲਾਂਕਿ ਸੀਟ ਸ਼ੇਅਰ 'ਚ ਕਾਂਗਰਸ ਪਾਰਟੀ 7 ਸੀਟਾਂ ਹਾਸਲ ਕਰਕੇ ਪਹਿਲੇ, ਆਮ ਆਦਮੀ ਪਾਰਟੀ 6 ਸੀਟਾਂ ਨਾਲ ਦੂਜੇ ਤੇ ਭਾਜਪਾ 1 ਸੀਟ ਨਾਲ ਤੀਜੇ ਸਥਾਨ 'ਤੇ ਰਹੀਆਂ ਹਨ | ਦੱਸਣਯੋਗ ਹੈ ਕਿ 13 ਜੂਨ ਨੂੰ ਨਗਰ ਕੌਂਸਲ ਦੀਨਾਨਗਰ ਦੀਆਂ 15 ਵਾਰਡਾਂ ਲਈ ਹੋਈਆਂ ਚੋਣਾਂ ਦੇ ਨਤੀਜਿਆਂ ਵੇਲੇ 6 ਨੰਬਰ ਵਾਰਡ ਦੇ ਬੂਥ ਨੰਬਰ-9 ਦੀ ਈ.ਵੀ.ਐਮ 'ਚ ਖ਼ਰਾਬੀ ਆਉਣ ਕਾਰਨ ਨਤੀਜਾ ਨਹੀਂ ਐਲਾਨਿਆ ਜਾ ਸਕਿਆ ਅਤੇ ਸਿਰਫ਼ 14 ਵਾਰਡਾਂ ਦੇ ਹੀ ਨਤੀਜੇ ਐਲਾਨੇ ਜਾ ਸਕੇ ਸਨ | ਪਰ ਇਨ੍ਹਾਂ 14 ਵਾਰਡਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਦੀਨਾਨਗਰ ਸ਼ਹਿਰ ਅੰਦਰ ਆਪਣੇ ਇਤਿਹਾਸ ਦਾ ਹੁਣ ਤੱਕ ਦਾ ਸਰਵ ਉੱਤਮ ਪ੍ਰਦਰਸ਼ਨ ਕਰਦਿਆਂ 33.43 ਫੀਸਦੀ ਵੋਟ ਸ਼ੇਅਰ ਹਾਸਲ ਕਰਕੇ ਸ਼ਹਿਰੀ ਵਰਗ ਦੀ ਪਹਿਲੀ ਪਸੰਦ ਹੋਣ ਦਾ ਮਾਣ ਹਾਸਲ ਕੀਤਾ ਹੈ | ਸ਼ਾਇਦ ਇਹ ਭਗਵੰਤ ਮਾਨ ਸਰਕਾਰ ਦੀਆਂ ਲੋਕ ਹਿਤੈਸ਼ੀ ਯੋਜਨਾਵਾਂ ਦਾ ਹੀ ਨਤੀਜਾ ਸੀ ਕਿ ਕਦੇ ਕਾਂਗਰਸ ਅਤੇ ਭਾਜਪਾ ਦਾ ਗੜ੍ਹ ਮੰਨੇ ਜਾਣ ਵਾਲੇ ਦੀਨਾਨਗਰ ਸ਼ਹਿਰ ਅੰਦਰ ਵੋਟ ਸ਼ੇਅਰ ਦੇ ਮਾਮਲੇ 'ਚ ਕਾਂਗਰਸ ਦੂਜੇ ਅਤੇ ਭਾਜਪਾ ਤੀਜੇ ਨੰਬਰ 'ਤੇ ਖਿਸਕ ਗਈਆਂ ਹਨ | ਕਾਂਗਰਸ ਪਾਰਟੀ ਇਨ੍ਹਾਂ ਵੋਟਾਂ ਵਿਚ ਆਮ ਆਦਮੀ ਪਾਰਟੀ ਕੋਲੋਂ ਮਾਮੂਲੀ ਫ਼ਰਕ ਨਾਲ 33.33 ਫੀਸਦੀ ਵੋਟ ਹਾਸਲ ਕਰਕੇ ਦੂਜੇ ਨੰਬਰ 'ਤੇ ਰਹੀ ਹੈ | ਜਦੋਂਕਿ ਭਾਜਪਾ 22.06 ਫੀਸਦੀ ਵੋਟ ਸ਼ੇਅਰ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ 8.40 ਫੀਸਦੀ ਵੋਟ ਸ਼ੇਅਰ ਨਾਲ ਚੌਥੇ ਸਥਾਨ 'ਤੇ ਰਿਹਾ ਹੈ | ਜੇਕਰ ਦੀਨਾਨਗਰ ਸ਼ਹਿਰ ਦੇ ਵੋਟਰਾਂ ਦੇ ਪਿਛਲੀਆਂ ਚੋਣਾਂ ਦੇ ਰੁਝਾਨ 'ਤੇ ਝਾਤ ਮਾਰੀ ਜਾਵੇ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਜਦੋਂ ਪੂਰੇ ਸੂਬੇ ਅੰਦਰ ਆਮ ਆਦਮੀ ਪਾਰਟੀ ਦੀ ਤੱਗੜੀ ਲਹਿਰ ਸੀ ਤਾਂ ਉਦੋਂ ਵੀ ਆਮ ਆਦਮੀ ਪਾਰਟੀ 34.90 ਫੀਸਦੀ ਵੋਟ ਸ਼ੇਅਰ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ ਸੀ | ਜਦੋਂਕਿ ਕਾਂਗਰਸ 37.88 ਫੀਸਦੀ ਵੋਟ ਸ਼ੇਅਰ ਨਾਲ ਪਹਿਲੇ ਅਤੇ ਭਾਜਪਾ 22.90 ਫੀਸਦੀ ਵੋਟ ਸ਼ੇਅਰ ਨਾਲ ਤੀਜੇ ਸਥਾਨ 'ਤੇ ਰਹੀਆਂ ਸਨ | ਪਰ ਇਸ ਵਾਰ ਹੋਈਆਂ ਨਗਰ ਕੌਂਸਲ ਚੋਣਾਂ ਦੌਰਾਨ ਸ਼ਹਿਰੀ ਵਰਗ ਦੇ ਵੋਟਰ ਉੱਪਰ ਘਰੇਲੂ ਬਿਜਲੀ ਦੇ 300 ਯੂਨਿਟ ਮੁਫ਼ਤ, ਸ਼ਹਿਰ ਅੰਦਰ ਖੁੱਲੇ੍ਹ ਆਮ ਆਦਮੀ ਕਲੀਨਿਕਾਂ, ਬਿਹਤਰ ਸਿੱਖਿਆ ਸਹੂਲਤਾਂ ਤੇ ਹੋਰ ਜਨ ਹਿਤੈਸ਼ੀ ਯੋਜਨਾਵਾਂ ਦਾ ਅਸਰ ਦੇ ਨਾਲ-ਨਾਲ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਦੀ ਜ਼ਮੀਨੀ ਪੱਧਰ 'ਤੇ ਕੀਤੀ ਮਿਹਨਤ ਦਾ ਅਸਰ ਸਾਫ਼ ਦੇਖਣ ਨੂੰ ਮਿਲਿਆ ਹੈ | ਜਿਸ ਕਾਰਨ ਆਮ ਆਦਮੀ ਪਾਰਟੀ ਆਪਣੀਆਂ ਰਾਜਨੀਤਿਕ ਵਿਰੋਧੀ ਪਾਰਟੀਆਂ ਉਪਰ ਭਾਰੀ ਪੈਂਦੀ ਦਿਖਾਈ ਦੇ ਰਹੀ ਹੈ ਅਤੇ ਇਸ ਗੱਲ ਦੀ ਸ਼ਹਿਰ ਅੰਦਰ ਆਮ ਚਰਚਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਇਸ ਦਾ ਵੱਡਾ ਲਾਭ ਮਿਲ ਸਕਦਾ ਹੈ |