ਗੁਰਦਾਸਪੁਰ, 14 ਜੂਨ (ਗੁਰਪ੍ਰਤਾਪ ਸਿੰਘ)-ਬੀਤੇ ਕੱਲ੍ਹ ਹੋਈਆਂ ਨਗਰ ਕੌਂਸਲ ਦੀਆਂ ਹੋਈਆਂ ਚੋਣਾਂ 'ਚ ਕਾਂਗਰਸ ਪਾਰਟੀ ਵਲੋਂ 29 'ਚੋਂ 21 ਵਾਰਡਾਂ ਵਿਚ ਵੱਡੀ ਜਿੱਤ ਪ੍ਰਾਪਤ ਕੀਤੀ ਗਈ ਹੈ | ਜਿਸ ਨਾਲ ਬਾਕੀ ਪਾਰਟੀਆਂ ਨੰੂ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ | ਕਾਂਗਰਸ ਦੀ ਇਸ ਜਿੱਤ ਨੇ ਕਿਤੇ ਨਾ ਕਿਤੇ 'ਆਪ', ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਨੰੂ ਦੁਬਾਰਾ ਵਿਸ਼ਲੇਸ਼ਣ ਕਰਨ ਲਈ ਮਜ਼ਬੂਰ ਕੀਤਾ ਹੈ | ਇਨ੍ਹਾਂ ਚੋਣਾਂ ਤੋਂ ਪਹਿਲਾਂ ਬਾਕੀ ਪਾਰਟੀਆਂ ਵਲੋਂ ਕਾਂਗਰਸ ਦੀ ਪਿਛਲੀ ਵਾਰ 29 ਵਿਚੋਂ 29 ਵਾਰਡਾਂ ਦੀ ਜਿੱਤ ਨੰੂ ਧੋਖਾਧੜੀ ਨਾਲ ਜੋੜਿਆ ਜਾ ਰਿਹਾ ਸੀ | ਪਰ ਇਸ ਵਾਰ ਦੀ 29 ਵਿਚੋਂ 21 ਵਾਰਡਾਂ ਵਿਚ ਹੋਈ ਜਿੱਤ ਨੇ ਕਿਤੇ ਨਾ ਕਿਤੇ ਵਿਰੋਧੀਆਂ ਵਲੋਂ ਲਗਾਏ ਜਾ ਰਹੇ ਦੋਸ਼ਾਂ ਨੰੂ ਜੜ੍ਹ ਤੋਂ ਨਕਾਰਨ ਦਾ ਕੰਮ ਕੀਤਾ ਹੈ | ਗੱਲ ਪਾਹੜਾ ਪਰਿਵਾਰ ਦੀ ਕਰੀਏ ਤਾਂ ਪਿਛਲੇ ਸਾਲ ਵਾਰਡ ਨੰਬਰ-2 'ਚੋਂ ਜੇਤੂ ਰਹਿਣ ਵਾਲੇ ਬਲਜੀਤ ਸਿੰਘ ਪਾਹੜਾ ਵਲੋਂ ਇਸ ਵਾਰ ਦੀ ਚੋਣ ਵਾਰਡ ਨੰਬਰ-3 'ਚੋਂ ਲੜੀ ਗਈ ਸੀ, ਕਿਉਂਕਿ ਵਾਰਡ ਨੰਬਰ-2 ਵਿਚ ਸੀਟ ਮਹਿਲਾ ਲਈ ਰਿਜ਼ਰਵ ਕਰ ਦਿੱਤੀ ਗਈ ਸੀ | ਵਾਰਡ ਨੰਬਰ-3 ਵਿਚ ਵੀ ਵਧੀਆ ਪ੍ਰਦਰਸ਼ਨ ਕਰਦੇ ਹੋਏ ਬਲਜੀਤ ਸਿੰਘ ਪਾਹੜਾ ਵਲੋਂ 370 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਗਈ | ਇਸੇ ਤਰ੍ਹਾਂ ਪਾਹੜਾ ਪਰਿਵਾਰ 'ਚੋਂ ਚੋਣ ਲੜ ਰਹੇ ਜਗਬੀਰ ਸਿੰਘ ਪਾਹੜਾ ਦੇ ਮਾਤਾ ਗੁਰਵੰਤ ਕੌਰ ਪਾਹੜਾ ਵਲੋਂ ਵਾਰਡ ਨੰਬਰ-8 ਵਿਚੋਂ 300 ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕੀਤੀ ਗਈ | ਇਸ ਸਬੰਧੀ ਜਦੋਂ ਪਾਹੜਾ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਸ਼ਹਿਰ ਵਾਸੀਆਂ ਵਲੋਂ ਸ਼ਹਿਰ ਅੰਦਰ ਕਰਵਾਏ ਗਏ ਵਿਕਾਸ ਕਾਰਜਾਂ 'ਤੇ ਮੋਹਰ ਲਗਾਉਂਦੇ ਹੋਏ ਉਨ੍ਹਾਂ ਨੰੂ 29 ਵਿਚੋਂ 21 ਵਾਰਡਾਂ 'ਤੇ ਜਿੱਤ ਪ੍ਰਾਪਤ ਕਰਵਾਈ ਗਈ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਵਲੋਂ ਦਿਖਾਏ ਗਏ ਇਸ ਵਿਸ਼ਵਾਸ 'ਤੇ ਖਰੇ ਉਤਰਦੇ ਹੋਏ ਉਹ ਸ਼ਹਿਰ ਅੰਦਰ ਵਿਕਾਸ ਦੀ ਗਤੀ ਵਿਚ ਤੇਜ਼ੀ ਲਿਆਉਣਗੇ ਅਤੇ ਹਰ ਸੁਵਿਧਾ ਆਪਣੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਨਗੇ |
29 'ਚੋਂ 21 ਵਾਰਡਾਂ ਦੀਆਂ ਚੋਣਾਂ ਜਿੱਤ ਕਾਂਗਰਸ ਨੇ ਬਾਕੀ ਪਾਰਟੀਆਂ ਨੰੂ ਦਿੱਤੀ ਕਰਾਰੀ ਹਾਰ
ਅਜੀਤ ਡੈਸਕ
15-06-2026