ਸ਼ਾਹਪੁਰ ਕੰਢੀ, 15 ਜੂਨ (ਰਣਜੀਤ ਸਿੰਘ)-ਮਿੰਨੀ ਹਰਿਦੁਆਰ ਵਜੋਂ ਜਾਣੇ ਜਾਂਦੇ ਬਾਬਾ ਮੁਕਤੇਸ਼ਵਰ ਧਾਮ ਵਿਖੇ ਅੱਜ ਸੋਮਵਤੀ ਮੱਸਿਆ ਤੇ ਸੰਗਰਾਂਦ ਦੇ ਦਿਹਾੜੇ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਪਵਿੱਤਰ ਸ਼ਿਵਿਲੰਗ ਦੇ ਦਰਸ਼ਨ ਕੀਤੇ ਤੇ ਰਾਵੀ ਦਰਿਆ ਵਿਚ ਇਸ਼ਨਾਨ ਕੀਤਾ | ਧਾਮ ਕਮੇਟੀ ਦੇ ਚੇਅਰਮੈਨ ਠਾਕੁਰ ਭੀਮ ਸਿੰਘ, ਅੰਕੁਸ਼ ਤਨਵਾਲ, ਪ੍ਰਸ਼ੋਤਮ ਸਿੰਘ, ਭਾਗ ਸਿੰਘ ਆਦਿ ਨੇ ਦੱਸਿਆ ਕਿ ਸਵੇਰੇ ਤੜਕੇ 3 ਵਜੇ ਤੋਂ ਲੋਕ ਦਰਸ਼ਨ ਲਈ ਆਉਣੇ ਸ਼ੁਰੂ ਹੋ ਗਏ ਸਨ, ਜਿਨ੍ਹਾਂ ਦੀ ਸੁਰੱਖਿਆ ਲਈ ਆਈ.ਆਰ.ਬੀ ਬਟਾਲੀਅਨ ਦੇ ਜਵਾਨ ਤਾਇਨਾਤ ਸਨ | ਮੰਦਿਰ ਕਮੇਟੀ ਵਲੋਂ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਸਨ ਅਤੇ ਹਰੇਕ ਸ਼ਰਧਾਲੂ ਨੰੂ ਮੈਟਲ ਡਿਟੈਕਟਰ ਨਾਲ ਜਾਂਚ ਕਰਕੇ ਅੰਦਰ ਜਾਣ ਦਿੱਤਾ ਜਾ ਰਿਹਾ ਸੀ | ਇਸ ਤੋਂ ਇਲਾਵਾ ਮੰਦਿਰ ਕਮੇਟੀ ਵਲੋਂ ਹਵਨ ਯੱਗ ਕਰਕੇ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ ਗਈ | ਇਸ ਮੌਕੇ ਚੌਥੀ ਬਟਾਲੀਅਨ ਦੇ ਏ.ਐਸ.ਆਈ ਪਵਨ ਸਿੰਘ, ਸਾਬਕਾ ਮੈਨੇਜਰ ਦਿਲਬਾਗ ਸਿੰਘ, ਨਰੇਸ਼ ਕੁਮਾਰ, ਰਮਨ ਕੁਮਾਰ, ਪੰਡਿਤ ਹਰੀ ਕ੍ਰਿਸ਼ਨ, ਸੰਦੀਪ ਸਿੰਘ ਤਨਵਾਲ, ਪ੍ਰੀਤਮ ਸਿੰਘ ਤੋਂ ਇਲਾਵਾ ਹੋਰ ਕਮੇਟੀ ਮੈਂਬਰ ਡਿਊਟੀ ਨਿਭਾਅ ਰਹੇ ਸਨ |