ਗੁਰਦਾਸਪੁਰ, 24 ਜੂਨ (ਅਸ਼ੋਕ ਸ਼ਰਮਾ)-ਡਿਪਟੀ ਕਮਿਸ਼ਨਰ ਆਦਿਤਿਆ ਉੱਪਲ ਵਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਟਰੇਡਰਜ਼ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਸਬੰਧੀ ਰਿਵੀਊ ਮੀਟਿੰਗ ਕਰਕੇ ਮੁਸ਼ਕਿਲਾਂ ਹੱਲ ਲਈ ਕੀਤੇ ਜਾ ਕੰਮਾਂ ਦੀ ਜਾਣਕਾਰੀ ਲਈ ਗਈ। ਇਸ ਮੌਕੇ ਅਬਜ਼ਰਵਰ ਟਰੇਡਰਜ਼ ਕਮਿਸ਼ਨ ਪੰਜਾਬ ਆਸ਼ੂਤੋਸ਼ ਦੱਤਾ, ਧਰਮਿੰਦਰ ਸ਼ੇਰੂ ਸਟੇਟ ਮੈਂਬਰ ਟਰੇਡਰਜ਼ ਕਮਿਸ਼ਨ ਪੰਜਾਬ, ਚਰਨਜੀਤ ਸਿੰਘ ਪਾਰੋਵਾਲ, ਜ਼ਿਲ੍ਹਾ ਇੰਚਾਰਜ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਸਮੇਤ ਸਿਵਲ ਤੇ ਪੁਲਿਸ ਅਧਿਕਾਰੀ ਅਤੇ ਗੁਰਦਾਸਪੁਰ ਦੇ ਸਾਰੇ ਸੱਤ ਹਲਕਿਆਂ ਦੇ ਚੇਅਰਮੈਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਟਰੇਡਰਜ਼ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਸਬੰਧੀ ਵੱਖ- ਵੱਖ ਵਿਭਾਗਾਂ ਵਲੋਂ ਕੀਤੇ ਕੰਮਾਂ ਤੇ ਜਿਨ੍ਹਾਂ ਮੁਸ਼ਕਿਲਾਂ ਦਾ ਨਿਪਟਾਰਾ ਅਜੇ ਤੱਕ ਨਹੀ ਕੀਤਾ ਗਿਆ ਸਬੰਧੀ ਜਾਣਕਾਰੀ ਲਈ ਗਈ। ਅਧਿਕਾਰੀਆਂ ਨੇ ਦੱਸਿਆ ਕਿ ਟਰੇਡਰਸ ਕਮਿਸ਼ਨ ਨਾਲ ਸਬੰਧਿਤ ਮੁਸ਼ਕਿਲਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਤੇ ਬਾਕੀ ਰਹਿੰਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਦਾ ਕੰਮ ਪ੍ਕਿਰਿਆ ਅਧੀਨ ਹੈ ਜੋ ਜਲਦ ਹੱਲ ਕਰਵਾ ਦਿੱਤੀਆਂ ਜਾਣਗੀਆਂ। ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਦੀਆਂ ਵੱਖ- ਵੱਖ ਮੁਸ਼ਕਿਲਾਂ ਜਿਵੇਂ ਸੜਕ ਦੀ ਰਿਪੇਅਰ, ਗੰਦੇ ਪਾਣੀ ਦੀ ਨਿਕਾਸੀ, ਪਬਲਿਕ ਟਾਇਲਟਸ, ਸਫਾਈ ਸਬੰਧੀ, ਨਾਜਾਇਜ਼ ਕਬਜਿਆਂ, ਸਟਰੀਟ ਲਾਈਟਾਂ ਤੇ ਪੁਲਿਸ ਨਾਲ ਸਬੰਧਤ ਵੱਖ- ਵੱਖ ਮੁਸ਼ਕਿਲਾਂ ਦੱਸੀਆਂ ਗਈਆਂ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਤੇ ਵਪਾਰੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਸੇਵਾਵਾਂ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਜ਼ਿਲ੍ਹਾ ਟਰੇਡਰਜ਼ ਕਮਿਸ਼ਨ ਗੁਰਦਾਸਪੁਰ ਦੇ ਜ਼ਿਲ੍ਹਾ ਇੰਚਾਰਜ ਚਰਨਜੀਤ ਸਿੰਘ ਪਾਰੋਵਾਲ ਨੇ ਦੱਸਿਆ ਕਿ ਵਪਾਰੀਆਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਸਰਕਾਰ ਦੇ ਪੋਰਟਲ ’ਤੇ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਦੇ ਹੱਲ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਮੀਟਿੰਗ ਦੌਰਾਨ ਵਪਾਰੀਆਂ ਦੀ ਭਲਾਈ, ਜਨਤਕ ਸੇਵਾਵਾਂ ਤੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਸਬੰਧੀ ਮਸਲਿਆਂ ’ਤੇ ਚਰਚਾ ਕੀਤੀ ਗਈ। ਇਸ ਮੌਕੇ ਕੁਲਦੀਪ ਚੰਦ ਸਹਾਇਕ ਕਮਿਸ਼ਨਰ (ਜ), ਜੁਗਰਾਜ ਸਿੰਘ ਐਸ.ਪੀ ਗੁਰਦਾਸਪੁਰ, ਰਮਨਦੀਪ ਸਿੰਘ ਐਸ.ਪੀ ਬਟਾਲਾ, ਕਿਰਪਾਲ ਸਿੰਘ ਚੇਅਰਮੈਨ ਵਪਾਰ ਕਮਿਸ਼ਨ ਹਲਕਾ ਬਟਾਲਾ, ਵਿਪਨ ਸੋਨੀ ਚੇਅਰਮੈਨ ਹਲਕਾ ਡੇਰਾ ਬਾਬਾ ਨਾਨਕ, ਚੇਅਰਮੈਨ ਰਾਜੀਵ ਸੈਣੀ ਹਲਕਾ ਦੀਨਾਨਗਰ, ਵਿਸ਼ਾਲ ਸਿੰਘ, ਰੁਪਿੰਦਰ ਸਿੰਘ ਰੋਮੀ ਚੇਅਰਮੈਨ ਸ਼੍ਰੀ ਹਰਗੋਬਿੰਦਪੁਰ ਸਾਹਿਬ, ਚੇਅਰਮੈਨ ਅਸ਼ਵਨੀ ਦੁੱਗਲ ਹਲਕਾ ਕਾਦੀਆਂ, ਚੇਅਰਮੈਨ ਗੁਰਪ੍ਰੀਤ ਸਿੰਘ ਹਲਕਾ ਫਤਹਿਗੜ੍ਹ ਚੂੜੀਆਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।