ਬਟਾਲਾ, 24 ਜੂਨ (ਸਤਿੰਦਰ ਸਿੰਘ)-ਪੰਜਾਬ ਯੂਥ ਕਾਂਗਰਸ ਦੀਆਂ ਹੋਈਆਂ ਚੋਣਾਂ ਵਿਚ ਹਲਕਾ ਬਟਾਲਾ ਨਾਲ ਸੰਬੰਧਿਤ ਨੌਜਵਾਨ ਆਗੂ ਐਡਵੋਕੇਟ ਚੰਦਰ ਚੰਦਾ ਨੇ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਕਰੀਬ 2300 ਵੋਟਾਂ ਦੇ ਵੱਡੇ ਫਰਕ ਨਾਲ ਯੂਥ ਕਾਂਗਰਸ ਬਟਾਲਾ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ ਹੈ। ਇਸ ਜਿੱਤ ਤੋਂ ਬਾਅਦ ਹਲਕਾ ਬਟਾਲਾ ਦੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਅਮਨਦੀਪ ਜੈਂਤੀਪੁਰ ਅਤੇ ਸ਼ਹਿਰੀ ਕਾਂਗਰਸ ਕਮੇਟੀ ਦੇ ਪ੍ਰਧਾਨ ਸੰਜੀਵ ਸ਼ਰਮਾ ਸਮੇਤ ਕਾਂਗਰਸੀ ਕੌਂਸਲਰਾਂ ਤੇ ਪਾਰਟੀ ਦੇ ਅਹੁਦੇਦਾਰਾਂ ਨੇ ਸਮੂਹ ਕਾਂਗਰਸੀ ਪਰਿਵਾਰ ਦਾ ਧੰਨਵਾਦ ਕੀਤਾ। ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਕਿਹਾ ਕਿ ਇਸ ਇਤਿਹਾਸਕ ਜਿੱਤ ਦਾ ਸਿਹਰਾ ਯੂਥ ਕਾਂਗਰਸ ਵਰਕਰਾਂ ਅਤੇ ਹਰ ਉਸ ਸਾਥੀ ਨੂੰ ਜਾਂਦਾ ਹੈ, ਜਿਸ ਨੇ ਦਿਨ-ਰਾਤ ਮਿਹਨਤ ਕਰ ਕੇ ਐਡਵੋਕੇਟ ਚੰਦਰ ਚੰਦਾ ਦੀ ਜਿੱਤ ਨੂੰ ਯਕੀਨੀ ਬਣਾਇਆ ਅਤੇ ਨਾਲ ਹੀ ਸਰਬਜੀਤ ਸਿੰਘ ਕਾਹਲੋਂ ਨੂੰ ਦਿਹਾਤੀ ਤੇ ਗੁਰਵਿੰਦਰ ਸਿੰਘ ਸਿੱਧੂ ਨੂੰ ਸ਼ਹਿਰੀ ਦਾ ਪ੍ਰਧਾਨ ਬਣਾ ਕੇ ਜੋ ਮਾਣ ਬਖਸ਼ਿਆ ਹੈ, ਅਸੀਂ ਸਾਰਿਆਂ ਦੇ ਦਿਲੋਂ ਰਿਣੀ ਹਾਂ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰਾਂ ਦੀ ਇਕਜੁੱਟਤਾ ਅਤੇ ਮਜ਼ਬੂਤ ਸੰਗਠਨ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਬਟਾਲਾ ਹਲਕੇ ਵਿਚ ਕਾਂਗਰਸ ਪਾਰਟੀ ਪਹਿਲਾਂ ਨਾਲੋਂ ਕਾਫੀ ਮਜ਼ਬੂਤ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਚੰਦਰ ਚੰਦਾ ਇਕ ਮਿਹਨਤੀ, ਇਮਾਨਦਾਰ ਅਤੇ ਜ਼ਮੀਨੀ ਪੱਧਰ ਦੇ ਆਗੂ ਹਨ, ਜਿਨ੍ਹਾਂ ਨੇ ਹਮੇਸ਼ਾ ਨੌਜਵਾਨਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ। ਉਨ੍ਹਾਂ ਦੀ ਇਸ ਸ਼ਾਨਦਾਰ ਜਿੱਤ ਨਾਲ ਯੂਥ ਕਾਂਗਰਸ ਨੂੰ ਨਵੀਂ ਊਰਜਾ ਮਿਲੇਗੀ ਅਤੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨ ਲਈ ਹੋਰ ਵੱਡੇ ਪੱਧਰ ’ਤੇ ਕੰਮ ਕੀਤਾ ਜਾਵੇਗਾ। ਇਸ ਮੌਕੇ ਸੰਜੀਵ ਸ਼ਰਮਾ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਕਾਂਗਰਸ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਇਆ ਜਾਵੇਗਾ ਅਤੇ ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ ਅਤੇ ਹਰ ਵਰਗ ਦੇ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਟਾਲਾ ਹਲਕੇ ਦੇ ਸਾਰੇ ਕਾਂਗਰਸੀ ਵਰਕਰਾਂ ਨੇ ਜੋ ਵਿਸਵਾਸ ਤੇ ਸਹਿਯੋਗ ਦਿੱਤਾ ਹੈ, ਉਸ ਲਈ ਉਹ ਸਦਾ ਰਿਣੀ ਰਹਿਣਗੇ। ਇਸ ਮੌਕੇ ਐਡਵੋਕੇਟ ਅਮਨਦੀਪ ਜੈਂਤੀਪੁਰ ਨੇ ਇਕ ਵਾਰ ਫਿਰ ਸਮੂਹ ਕਾਂਗਰਸੀ ਪਰਿਵਾਰ, ਯੂਥ ਕਾਂਗਰਸ ਦੇ ਅਹੁਦੇਦਾਰਾਂ, ਕੌਂਸਲਰਾਂ, ਸਰਪੰਚਾਂ, ਪੰਚਾਂ, ਬਲਾਕ ਸੰਮਤੀ ਮੈਂਬਰਾਂ ਅਤੇ ਹਲਕਾ ਬਟਾਲਾ ਦੇ ਸਾਰੇ ਸਾਥੀਆਂ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਸਮੂਹ ਕਾਂਗਰਸ ਪਰਿਵਾਰ ਦੀ ਜਿੱਤ ਹੈ। ਇਸ ਮੌਕੇ ਪਵਨ ਕੁਮਾਰ ਪੰਮਾ ਪ੍ਰਧਾਨ ਸ੍ਰੀ ਅਚਲੇਸ਼ਵਰ ਧਾਮ, ਸੁਨੀਲ ਸਰੀਨ ਸਾਬਕਾ ਸੀਨੀਅਰ ਡਿਪਟੀ ਮੇਅਰ, ਕੌਂਸਲਰ ਵਿਜੇ ਕੁਮਾਰ ਬਿੱਲੂ ਸਾਬਕਾ ਡਿਪਟੀ ਮੇਅਰ, ਸਾਬਕਾ ਕੌਂਸਲਰ ਚੰਦਰ ਮੋਹਨ, ਸਾਬਕਾ ਕੌਂਸਲਰ ਬੱਬੀ ਸੇਖੜੀ, ਸਾਬਕਾ ਕੌਂਸਲਰ ਸੁਖਦੇਵ ਸਿੰਘ ਬਾਜਵਾ, ਕੌਂਸਲਰ ਭੁਪਿੰਦਰ ਸਿੰਘ ਨਾਮਧਾਰੀ, ਕੌਂਸਲਰ ਬਲਵਿੰਦਰ ਸਿੰਘ ਮਿੰਟਾ, ਕੌਂਸਲਰ ਕਸਤੂਰੀ ਲਾਲ, ਕੌਂਸਲਰ ਰਮੇਸ਼ ਬੂਰਾ, ਕੌਂਸਲਰ ਸਟੀਫਨ ਖਤੀਬ, ਸ਼ਿਵ ਸਾਨਨ, ਸਰਪੰਚ ਬੱਲਾ ਬਿਸ਼ਨੀਵਾਲ, ਪ੍ਰਵੇਸ਼, ਰਾਜੇਸ਼ ਬਿੱਟੂ, ਸੁਮਿਤ ਆਦਿ ਹਾਜ਼ਰ ਸਨ।