ਗੁਰਦਾਸਪੁਰ, 30 ਜੂਨ (ਗੁਰਪ੍ਰਤਾਪ ਸਿੰਘ)-ਨਗਰ ਕੌਂਸਲ ਚੋਣਾਂ ’ਚ ਵਿਰੋਧੀਆਂ ਨੂੰ ਮਾਤ ਦੇਣ ਤੋਂ ਬਾਅਦ ਹੁਣ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਆਪਣੇ ਸਮਰਥਕ ਸ਼ੁਭਮ ਦੇਵਗਨ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਉਣ ਵਿਚ ਵੀ ਸਫਲ ਰਹੇ ਹਨ। ਪੰਜਾਬ ਪ੍ਰਧਾਨਗੀ ਦਾ ਪੱਤਰ ਮਿਲਣ ਤੋਂ ਬਾਅਦ ਸ਼ੁਭਮ ਦਿੱਲੀ ਤੋਂ ਸਿੱਧੇ ਵਿਧਾਇਕ ਪਾਹੜਾ ਦੇ ਨਿਵਾਸ ਸਥਾਨ ‘ਤੇ ਪਹੁੰਚੇ ਅਤੇ ਚੋਣਾਂ ਦੌਰਾਨ ਪਾਹੜਾ ਪਰਿਵਾਰ ਵਲੋਂ ਕੀਤੇ ਸਹਿਯੋਗ ਲਈ ਪੂਰੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਐਡਵੋਕੇਟ ਬਲਜੀਤ ਸਿੰਘ ਪਾਹੜਾ, ਕਿਰਨਪ੍ਰੀਤ ਸਿੰਘ ਪਾਹੜਾ ਤੇ ਯੂਥ ਮੈਂਬਰਾਂ ਵਲੋਂ ਸ਼ੁਭਮ ਨੂੰ ਯੂਥ ਪੰਜਾਬ ਪ੍ਰਧਾਨ ਚੁਣੇ ਜਾਣ ’ਤੇ ਵਧਾਈ ਦਿੱਤੀ। ਯੂਥ ਪ੍ਰਧਾਨ ਸ਼ੁਭਮ ਨੇ ਕਿਹਾ ਕਿ ਅੱਜ ਉਹ ਉਸ ਪਰਿਵਾਰ ਦਾ ਧੰਨਵਾਦ ਕਰਨ ਆਏ ਹਨ, ਜਿਸ ਨੇ ਸਿਰਫ਼ ਧੂਰੀ ਤੱਕ ਸੀਮਤ ਸ਼ੁਭਮ ਦੀ ਪਹਿਚਾਣ ਪੂਰੇ ਪੰਜਾਬ ਵਿਚ ਬਣਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ ਯੂਥ ਕਾਂਗਰਸ ਦੇ ਨਤੀਜੇ ਆਏ ਸਨ, ਉਹ ਉਸੇ ਦਿਨ ਇੱਥੇ ਆਉਣਾ ਚਾਹੁੰਦੇ ਸਨ। ਪਰ ਪਾਹੜਾ ਪਰਿਵਾਰ ਕਿਤੇ ਬਾਹਰ ਗਿਆ ਹੋਇਆ ਸੀ। ਜਿਸ ਕਰਕੇ ਹੁਣ ਉਹ ਦਿੱਲੀ ਤੋਂ ਨਿਯੁਕਤੀ ਪੱਤਰ ਮਿਲਣ ਤੋਂ ਬਾਅਦ ਸਭ ਤੋਂ ਪਹਿਲਾਂ ਗੁਰਦਾਸਪੁਰ ਪਹੁੰਚੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੇ 150 ਦਿਨਾਂ ਵਿਚ ਯੂਥ ਕਾਂਗਰਸ ਪੰਜਾਬ ਵਿਚ ਕਰੀਬ 700 ਪ੍ਰੋਗਰਾਮ ਕਰਵਾਏਗੀ ਤੇ ਆਉਣ ਵਾਲੇ ਦਿਨਾਂ ਵਿਚ ਯੂਥ ਕਾਂਗਰਸ ਹਰ ਵਿਧਾਨ ਸਭਾ ਹਲਕੇ ਵਿਚ ਜਾ ਕੇ ਲੋਕਾਂ ਨੂੰ ਮੁਸ਼ਕਿਲਾਂ ਦੇ ਹੱਲ ਸਬੰਧੀ ਜਾਗਰੂਕ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਚੁੱਕੀ ਹੈ, ਇਸ ਲਈ ਆਉਣ ਵਾਲੇ ਦਿਨਾਂ ਵਿਚ ਕਾਨੂੰਨ ਵਿਵਸਥਾ ਨੂੰ ਲੈ ਕੇ ਡੀ.ਜੀ.ਪੀ ਦਾ ਘਿਰਾਓ ਕੀਤਾ ਜਾਵੇਗਾ। ਵਿਧਾਇਕ ਪਾਹੜਾ ਨੇ ਕਿਹਾ ਕਿ ਅਸੀਂ ਸ਼ੁਭਮ ਨਾਲ ਭਰਾਵਾਂ ਵਾਂਗ ਮਿਲ ਕੇ ਇਹ ਚੋਣ ਲੜੀ ਅਤੇ ਜਿੱਤੀ ਹੈ। ਉਨ੍ਹਾਂ ਕਿਹਾ ਕਿ ਮੈਂ ਖ਼ੁਦ ਯੂਥ ਕਾਂਗਰਸ ਵਿਚ ਬਹੁਤ ਮਿਹਨਤ ਕਰਕੇ ਇੱਥੋਂ ਤੱਕ ਪਹੁੰਚਿਆ ਹਾਂ। ਉਨ੍ਹਾਂ ਉਮੀਦ ਜਿਤਾਈ ਕਿ ਸ਼ੁਭਮ ਆਪਣੀ ਟੀਮ ਨਾਲ ਪੂਰੇ ਪੰਜਾਬ ਵਿਚ ਮਿਹਨਤ ਕਰਨਗੇ ਅਤੇ ਯੂਥ ਕਾਂਗਰਸ ਵਲੋਂ ਜੋ ਵੀ ਉਮੀਦਵਾਰ ਚੋਣ ਜਿੱਤਣ ਦੇ ਕਾਬਲ ਹੋਵੇਗਾ, ਉਹ ਖ਼ੁਦ ਉਸ ਦੀ ਮਦਦ ਕਰਨਗੇ।