ਬਟਾਲਾ, 7 ਜੁਲਾਈ (ਸਤਿੰਦਰ ਸਿੰਘ)-ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਕਾਰਜਕਾਰੀ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਦੀ ਤੁਲਨਾ ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗੇ ਹੁਕਮਰਾਨਾ ਨਾਲ ਕਰਦਿਆਂ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਹੀ ਪੰਜਾਬ ਤੇ ਪੰਜਾਬੀਆਂ ਨੂੰ ਕਾਲੇ ਦੌਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਬੜੇ ਕਰੜੇ ਲਫਜ਼ਾਂ ਵਿਚ ਕਿਹਾ ਕਿ ਅੱਤਵਾਦ ਅਤੇ ਵੱਖਵਾਦ ਦੀ ਜਨਮ ਦਾਤੀ ਕਾਂਗਰਸ ਪਾਰਟੀ ਹੀ ਹੈ, ਜਿਸ ਦੇ ਕਾਰਨ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਹੀ ਬੁਰੇ ਹਾਲਾਤਾਂ ਵਿਚੋਂ ਲੰਘਣਾ ਪਿਆ ਤੇ ਉਸ ਕਾਲੇ ਦੌਰ ਦੇ ਕਾਰਨ ਹੀ ਅਜੇ ਤੱਕ ਪੰਜਾਬ ਆਪਣੇ ਪੈਰਾਂ ’ਤੇ ਖੜ੍ਹਾ ਨਹੀਂ ਹੋ ਸਕਿਆ ਹੈ, ਜਿਸ ਦੀ ਜ਼ਿੰਮੇਵਾਰ ਕਾਂਗਰਸ ਪਾਰਟੀ ਹੀ ਹੈ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਕਾਂਗਰਸ ਨੇ ਹੀ ਐਮਰਜੈਂਸੀ ਵਰਗੇ ਕਾਨੂੰਨ ਦੇਸ਼ ’ਤੇ ਲਾਗੂ ਕਰਕੇ ਸੰਵਿਧਾਨ ਨੂੰ ਪੈਰਾਂ ਹੇਠ ਰੌਂਦਿਆਂ ਸੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਆਜ਼ਾਦੀ ਨੂੰ ਖੋਹ ਕੇ ਉਨ੍ਹਾਂ ਨੂੰ ਜੇਲਾਂ ’ਚ ਸੁੱਟ ਦਿੱਤਾ ਤੇ ਇਕ ਤਾਨਾਸ਼ਾਹੀ ਰਾਜ ਸਥਾਪਿਤ ਕਰਕੇ ਦੇਸ਼ ਨੂੰ ਆਪਣੇ ਮਨਮਰਜ਼ੀ ਦੇ ਢੰਗ ਨਾਲ ਚਲਾਉਣ ਦੀ ਖੁੱਲ ਦੇ ਦਿੱਤੀ ਗਈ ਸੀ।