ਬਟਾਲਾ, 7 ਜੁਲਾਈ (ਸਤਿੰਦਰ ਸਿੰਘ)-ਬੇਗਮਪੁਰਾ ਖਾਲਸਾ ਰਾਜ ਪਾਰਟੀ ਦੇ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਜੀਵਨੀ ’ਤੇ ਬਣਾਈ ਗਈ ਸਤਲੁਜ ਫ਼ਿਲਮ ਸਰਕਾਰ ਵਲੋਂ ਜੀ 5 ਓ.ਟੀ.ਟੀ. ਪਲੇਟਫਾਰਮ ਤੋਂ ਹਟਾਏ ਜਾਣਾ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਸਰਕਾਰ ਭਾਵੇਂ ਕਾਂਗਰਸ ਦੀ ਹੋਵੇ ਤੇ ਭਾਵੇਂ ਭਾਜਪਾ ਦੀ ਸਿੱਖਾਂ ਪ੍ਰਤੀ ਨੀਤੀਆਂ ਦੋਵਾਂ ਦੀਆਂ ਇਕੋ ਜਿਹੀਆਂ ਹੀ ਹਨ। ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਕੇਂਦਰ ਸਰਕਾਰ ਨੇ ਜਿਸ ਤਰ੍ਹਾਂ ਹਜ਼ਾਰਾਂ ਬੇਕਸੂਰ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਸ਼ਹੀਦ ਕੀਤਾ ਤੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਸੀ, ਉਸ ਦੇ ਆਧਾਰ ’ਤੇ ਇਹ ਫ਼ਿਲਮ ਬਣੀ ਹੈ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਅਜਿਹੀਆ ਹੀ ਪੁਲਿਸ ਵਲੋਂ 25000 ਲਾਵਾਰਿਸ ਲਾਸ਼ਾਂ ਦਾ ਪਤਾ ਲਗਾਇਆ ਸੀ, ਜਿਸ ਕਰਕੇ ਭਾਈ ਖਾਲੜਾ ਨੂੰ ਪੁਲਿਸ ਨੇ ਸ਼ਹੀਦ ਕਰ ਦਿੱਤਾ। ਸ: ਬਾਜਵਾ ਨੇ ਕਿਹਾ ਕਿ ਇਹ ਫ਼ਿਲਮ 3 ਜੁਲਾਈ ਨੁੰ ਜੀ 5 ਓ.ਟੀ.ਟੀ. ’ਤੇ ਰਿਲੀਜ਼ ਹੋਈ ਅਤੇ 5 ਜੁਲਾਈ ਨੂੰ 2 ਦਿਨ ਬਾਅਦ ਇਸ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਕੇਂਦਰ ਦੀ ਭਾਜਪਾ ਸਰਕਾਰ ਦੀ ਸਿੱਖਾਂ ਪ੍ਰਤੀ ਨੀਤੀ ਜਾਹਰ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ 1984 ਤੋਂ ਬਾਅਦ ਦੇ ਉਸ ਭਿਆਨਕ ਦੋੜ ਦੀ ਤਸਵੀਰ ਦੁਨੀਆਂ ਸਾਹਮਣੇ ਉਜਾਗਰ ਕਰਦੀ ਹੈ, ਜਿਸ ਵਿਚ ਪੁਲਿਸ ਤੇ ਸਰਕਾਰ ਨੇ ਮਿਲ ਕੇ ਕਿਸ ਤਰ੍ਹਾਂ ਹਜ਼ਾਰਾਂ ਬੇਗੁਨਾਹ ਸਿੱਖ ਨੌਜਵਾਨਾਂ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਤੁਰੰਤ ਇਸ ਫ਼ਿਲਮ ਤੋਂ ਪਾਬੰਦੀ ਹਟਾਉਣੀ ਚਾਹੀਦੀ ਹੈ। ਇਸ ਮੌਕੇ ਗੁਰਮੇਜ ਸਿੰਘ ਦਾਬਾਂਵਾਲ ਤੇ ਇੰਸਪੈਕਟਰ ਨਿਰਮਲ ਸਿੰਘ ਦਾਬਾਂਵਾਲ ਹਾਜ਼ਰ ਸਨ।