ਨੌਸ਼ਹਿਰਾ ਮੱਝਾ ਸਿੰਘ, 13 ਜੁਲਾਈ (ਰਵੀ ਭਗਤ)-ਰਾਸ਼ਟਰੀ ਰਾਜ ਮਾਰਗ ਦੇ ਪਿੰਡ ਬਿਧੀਪੁਰ ਬਾਈਪਾਸ ਵਿਖੇ ਤੜਕਸਾਰ ਚੋਰਾਂ ਦੇ ਗਿਰੋਹ ਵਲੋਂ ਇਕ ਕਿਸਾਨ ਦੀਆਂ 2 ਉੱਤਮ ਨਸਲ ਦੀਆਂ ਮੱਝਾਂ ਚੋਰੀ ਕਰਕੇ ਲੈ ਜਾ ਰਹੇ ਚੋਰਾਂ ਦੀ ਸਾਜਿਸ਼ ਨਾਕਾਮ ਸਾਬਿਤ ਹੋਈ ਤੇ ਚੋਰ ਬਿਨ੍ਹਾਂ ਨੰਬਰ ਬਲੈਰੋ ਗੱਡੀ ਖੇਤ ’ਚ ਨੀਵੀਂ ਥਾਂ ਚਿੱਕੜ ’ਚ ਫ਼ਸ ਜਾਣ ਕਾਰਨ ਮੱਝਾਂ ਸਮੇਤ ਗੱਡੀ ਛੱਡ ਕੇ ਭੱਜ ਗਏ। ਕਿਸਾਨ ਕੇਵਲ ਸਿੰਘ ਪੁੱਤਰ ਸ਼ਿਵਚਰਨ ਸਿੰਘ ਵਾਸੀ ਪਿੰਡ ਜੱਫਰਵਾਲ ਡੇਰੇ ਨੇ ਦੱਸਿਆ ਕਿ ਉਹ ਸਵੇਰੇ ਕਰੀਬ ਸਵਾ 4 ਵਜੇ ਜਦੋਂ ਉੱਠਿਆ ਤਾਂ ਘਰ ’ਚੋਂ ਉਸ ਦੀਆਂ 2 ਉੱਤਮ ਨਸਲ ਦੀਆਂ ਦੁਧਾਰੂ ਮੱਝਾਂ ਗਾਇਬ ਸਨ। ਉਸ ਨੇ ਘਰ ਤੋਂ ਬਾਹਰ ਮੱਝਾਂ ਦੀ ਭਾਲ ਸ਼ਰੂ ਕੀਤੀ ਤਾਂ ਉਸ ਦੇ ਗੁਆਂਢੀ ਗੁਰਨਾਮ ਸਿੰਘ ਜੋ ਸਵੇਰੇ ਸੈਰ ਕਰ ਕੇ ਆ ਰਿਹਾ ਸੀ, ਨੇ ਦੱਸਿਆ ਕਿ ਇਕ ਮਹਿੰਦਰਾ ਬਲੈਰੋ ਗੱਡੀ ਬਿਧੀਪੁਰ ਬਾਈਪਾਸ ਨੇੜੇ ਸੜਕ ਕਿਨਾਰੇ ਖੜੀ ਹੈ ਤੇ ਜਦ ਅਸੀਂ ਮੌਕੇ ’ਤੇ ਜਾ ਕੇ ਵੇਖਿਆ ਤਾਂ ਚੋਰਾਂ ਵਲੋਂ ਚੋਰੀ ਕੀਤੀਆਂ ਗਈਆਂ ਮੱਝਾਂ ਲੱਭ ਗਈਆਂ। ਉਨ੍ਹਾਂ ਦੱਸਿਆ ਕਿ ਚੋਰ ਉਸ ਦੀਆਂ ਮੱਝਾਂ ਗੱਡੀ ਵਿਚ ਲੱਦ ਕੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਗੱਡੀ ਖੇਤ ’ਚ ਨੀਵੀਂ ਥਾਂ ’ਤੇ ਚਿੱਕੜ ਵਿਚ ਫ਼ਸ ਗਈ, ਜਿਸ ਕਾਰਨ ਉਨ੍ਹਾਂ ਦੀ ਕੋਸ਼ਿਸ਼ ਨਾਕਾਮ ਸਾਬਿਤ ਹੋਈ। ਇਸ ਦੌਰਾਨ ਪੰਥਕ ਸੇਵਾਦਾਰ ਭਾਈ ਵੱਸਣ ਸਿੰਘ ਜੱਫਰਵਾਲ ਤੇ ਸਾਬਕਾ ਸਰਪੰਚ ਬਲਵੰਤ ਸਿੰਘ ਬਿਧੀਪੁਰ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਇਲਾਕੇ ’ਚ ਸਰਗਰਮ ਚੋਰਾਂ ਦੇ ਗਿਰੋਹ ਵਲੋਂ 20 ਦਿਨ ਪਹਿਲਾਂ ਪਿੰਡ ਮੂਲਿਆਂਵਾਲ ਤੋਂ ਇਕ ਬਜ਼ੁਰਗ ਕਿਸਾਨ ਜਸਵੰਤ ਸਿੰਘ ਨੂੰ ਬੰਧਕ ਬਣਾ ਕੇ 2 ਦੁਧਾਰੂ ਮੱਝਾਂ ਸਮੇਤ 4 ਪਛੂ ਚੋਰੀ ਕੀਤੇ ਗਏ ਤੇ ਓਸੇ ਹੀ ਰਾਤ ਨੂੰ ਪਿੰਡ ਕਲੇਰ ਕਲਾਂ ਵਿਖੇ ਇਕ ਕਿਸਾਨ ਦੀਆਂ 3 ਮੱਝਾ ਖੋਲ ਕੇ ਲਿਜਾ ਰਹੇ ਚੋਰਾਂ ਦਾ ਲੋਕਾਂ ਵਲੋਂ ਪਿੱਛਾ ਕਰਨ ’ਤੇ ਉਹ ਮੱਝਾਂ ਛੱਡ ਕੇ ਭੱਜ ਜਾਣ ’ਚ ਸਫ਼ਲ ਹੋ ਗਏ। ਉਨ੍ਹਾਂ ਕਿਹਾ ਕਿ ਮੱਝਾਂ ਚੋਰ ਦੇ ਇਸ ਸਰਗਰਮ ਗਿਰੋਹ ਕਾਰਨ ਇਲਾਕਾ ਵਾਸੀਆਂ ਅੰਦਰ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਚੌਂਕੀ ਨੌਸ਼ਹਿਰਾ ਮੱਝਾ ਸਿੰਘ ਵਲੋਂ ਕਿਸਾਨ ਕੇਵਲ ਸਿੰਘ ਦੇ ਬਿਆਨਾਂ ’ਤੇ ਬਲੈਰੋ ਗੱਡੀ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।