ਵਡਾਲਾ ਗ੍ਰੰਥੀਆਂ, 19 ਜੁਲਾਈ (ਗੁਰਪ੍ਰਤਾਪ ਸਿੰਘ ਕਾਹਲੋਂ)-ਵਾਤਾਵਰਨ ਦੀ ਸੰਭਾਲ ਤੇ ਹਰਿਆਵਲ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ‘ਏਕ ਪੇੜ ਮਾਂ ਕੇ ਨਾਮ’ ਮੁਹਿੰਮ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਡਾਲਾ ਗ੍ਰੰਥੀਆਂ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਰਜੇਸ਼ ਸ਼ਰਮਾ (ਸਟੇਟ ਐਵਾਰਡੀ) ਦੇ ਦਿਸ਼ਾ-ਨਿਰਦੇਸ਼ਾਂ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਨਿਲ ਸ਼ਰਮਾ ਦੀ ਅਗਵਾਈ ਹੇਠ ਸਕੂਲ ਦੇ ਪ੍ਰਿੰਸੀਪਲ ਰਾਮ ਲਾਲ ਦੀ ਦੇਖ-ਰੇਖ ਵਿਚ ਵਿਦਿਆਰਥੀਆਂ ਨੂੰ ਲਗਭਗ 100 ਛਾਂਦਾਰ, ਫਲਦਾਰ ਅਤੇ ਸਜਾਵਟੀ ਬੂਟੇ ਵੰਡੇ ਗਏ। ਇਸ ਮੌਕੇ ਪ੍ਰਿੰਸੀਪਲ ਰਾਮ ਲਾਲ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਬੂਟੇ ਆਪਣੇ ਘਰਾਂ, ਖੇਤਾਂ ਜਾਂ ਟਿਊਬਵੈੱਲਾਂ ’ਤੇ ਆਪਣੀ ਮਾਤਾ ਦੇ ਨਾਂਅ ’ਤੇ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨ ਤੇ ਉਨ੍ਹਾਂ ਨੂੰ ਵੱਡੇ ਦਰੱਖਤਾਂ ਦਾ ਰੂਪ ਦੇਣ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸਾਫ਼-ਸੁਥਰਾ ਅਤੇ ਸੰਤੁਲਿਤ ਬਣਾਈ ਰੱਖਣ ਲਈ ਵੱਧ ਤੋਂ ਵੱਧ ਰੁੱਖ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਇਸ ਮੌਕੇ ਈਕੋ ਕਲੱਬ ਦੇ ਇੰਚਾਰਜ ਲੈਕਚਰਾਰ ਸੋਮ ਸਿੰਘ ਸਮੇਤ ਸਕੂਲ ਦਾ ਸਮੁੱਚਾ ਸਟਾਫ਼ ਹਾਜ਼ਰ ਸੀ।