ਗੁਰਦਾਸਪੁਰ, 19 ਜੁਲਾਈ (ਅਸ਼ੋਕ ਸਰਮਾ)-ਗੁਰਦਾਸਪੁਰ-ਮੁਕੇਰੀਆਂ ਸੜਕ ’ਤੇ ਪੈਂਦੇ ਪਿੰਡ ਜਗਤਪੁਰ ਨੇੜੇ ਸੜਕ ਵਿਚੋਂ ਲੰਘਦੇ ਗੱਦੀ ਨਾਲੇ ’ਤੇ ਪੁਲ ਦੀ ਰੇਲਿੰਗ ਟੁੱਟਣ ਤੇ ਖਸਤਾ ਹੋਣ ਕਾਰਨ ਇੱਥੇ ਕਿਸੇ ਸਮੇਂ ਵੀ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਇਸ ਪਾਸੇ ਸਬੰਧਿਤ ਵਿਭਾਗ ਦਾ ਧਿਆਨ ਨਾ ਹੋਣ ਕਰਕੇ ਲੋਕਾਂ ਲੋਕਾਂ ਦਾ ਪੰਜਾਬ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਰਦਾਸਪੁਰ ਤੋਂ ਮੁਕੇਰੀਆਂ ਨੂੰ ਜਾਂਦੇ ਸਮੇਂ ਖੱਬੇ ਪਾਸੇ ਵਾਲੀ ਰੇਲਿੰਗ ਦਾ ਕਾਫ਼ੀ ਹਿੱਸਾ ਟੁੱਟ ਕੇ ਨਾਲੇ ਵਿਚ ਪੈ ਚੁੱਕਾ ਹੈ ਤੇ ਬਾਕੀ ਬਚੀ ਹੋਈ ਰੇਲਿੰਗ ਵਿਚ ਵੀ ਤਰੇੜਾਂ ਪੈ ਚੁੱਕੀਆਂ ਹਨ। ਕੁਝ ਲੋਕਾਂ ਨਾਲ ਗੱਲਬਾਤ ਕਰਨ ਦੌਰਾਨ ਉਨ੍ਹਾਂ ਦੱਸਿਆ ਕਿ ਪੁਲ ਦੀ ਰੇਲਿੰਗ ਟੁੱਟਣ ਅਤੇ ਪੁਲ ਦੀ ਚੌੜਾਈ ਘੱਟ ਹੋਣ ’ਤੇ ਹਨੇਰ-ਸਵੇਰੇ ਕਈ ਵਾਹਨ ਰੇਲਿੰਗ ਤੋੜ ਕੇ ਇਸ ਨਾਲੇ ਵਿਚ ਪਲਟ ਚੁੱਕੇ ਹਨ ਅਤੇ ਵੱਡੇ ਨੁਕਸਾਨ ਦਾ ਸ਼ਿਕਾਰ ਹੋ ਚੁੱਕੇ ਹਨ। ਕੁਝ ਸਮਾਂ ਪਹਿਲਾਂ ਹੀ ਮੁਕੇਰੀਆਂ ਸਾਈਡ ਤੋਂ ਗੁਰਦਾਸਪੁਰ ਵੱਲ ਆਉਂਦੀ ਇਕ ਟੂਰਿਸਟ ਬੱਸ ਰਾਤ ਦੇ ਹਨੇਰੇ ਵਿਚ ਇਸ ਪੁਲ ਦੀ ਰੇਲਿੰਗ ਤੋੜ ਕੇ ਨਾਲੇ ਵਿਚ ਪਲਟ ਗਈ ਸੀ। ਜਿਸ ਨਾਲ ਕਾਫ਼ੀ ਨੁਕਸਾਨ ਹੋਇਆ ਸੀ। ਲੋਕਾਂ ਨੇ ਦੱਸਿਆ ਕਿ ਪੁਲ ਦੀ ਚੌੜਾਈ ਘੱਟ ਹੋਣ ਕਰਕੇ ਇਸ ਵਿਚ ਆਹਮਣੇ-ਸਾਹਮਣੇ ਤੋਂ ਆਉਂਦੇ ਦੋ ਵੱਡੇ ਵਾਹਨ ਕਾਫ਼ੀ ਮੁਸ਼ਕਿਲ ਨਾਲ ਗੁਜ਼ਰਦੇ ਹਨ। ਇਸੇ ਤਰ੍ਹਾਂ ਪੁਲ ਦੇ ਦੋਵੇਂ ਪਾਸੇ ਕੰਡਿਆਂ ਨੂੰ ਖੋਰ ਲੱਗ ਚੁੱਕੀ ਹੈ। ਜਿਸ ਨਾਲ ਕੋਈ ਵੀ ਵਾਹਨ ਕੰਡੇ ’ਤੇ ਫਿਸਲ ਕੇ ਨਾਲੇ ਵਿਚ ਡਿੱਗ ਸਕਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲ ਦੀ ਚੌੜਾਈ ਘੱਟ ਹੋਣ ਕਰਕੇ ਗੰਨੇ ਦੇ ਸੀਜ਼ਨ ਦੌਰਾਨ ਜਦੋਂ ਗੰਨੇ ਨਾਲ ਲੱਦੀਆਂ ਟਰਾਲੀਆਂ ਇਸ ਪੁਲ ਉਪਰੋਂ ਲੰਘਦੀਆਂ ਹਨ ਤਾਂ ਦੂਜੀ ਸਾਈਡ ਤੋਂ ਆਉਂਦੀ ਬੱਸ ਅਤੇ ਟਰੱਕ ਅਕਸਰ ਹੀ ਇਸ ਪੁਲ ਵਿਚਕਾਰ ਫਸ ਜਾਂਦੇ ਹਨ ਅਤੇ ਲੰਬਾ ਸਮਾਂ ਜਾਮ ਵਰਗੀ ਸਥਿਤੀ ਬਣ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੁਲ ਦੇ ਬਣਨ ਵੇਲੇ ਇਸ ਸੜਕ ’ਤੇ ਆਵਾਜਾਈ ਬਹੁਤ ਘੱਟ ਸੀ, ਜਦਕਿ ਇਸ ਸੜਕ ’ਤੇ ਹੁਣ ਆਵਾਜਾਈ ਅੱਗੇ ਨਾਲੋਂ ਬਹੁਤ ਜ਼ਿਆਦਾ ਵੱਧ ਚੁੱਕੀ ਹੈ। ਜ਼ਿਕਰਯੋਗ ਹੈ ਕਿ ਇਸ ਪੁਲ ਰਾਹੀਂ ਰੋਜ਼ਾਨਾ ਵੱਡੀ ਗਿਣਤੀ ਵਿਚ ਬੱਸਾਂ, ਟਰੱਕ, ਕਾਰਾਂ ਆਦਿ ਵਾਹਨ ਦਿੱਲੀ, ਚੰਡੀਗੜ੍ਹ, ਅੰਬਾਲਾ, ਹੁਸ਼ਿਆਰਪੁਰ ਅਤੇ ਜਲੰਧਰ ਆਦਿ ਜੰਮੂ, ਊਧਮਪੁਰ, ਸ੍ਰੀਨਗਰ ਆਦਿ ਸ਼ਹਿਰਾਂ ਨੂੰ ਆਉਂਦੇ-ਜਾਂਦੇ ਹਨ, ਜਿਸ ਨਾਲ ਇਸ ਸੜਕ ’ਤੇ ਟਰੈਫ਼ਿਕ ਦਾ ਬਹੁਤ ਜ਼ੋਰ ਹੈ। ਪਰ ਸੜਕ ਦੀ ਚੌੜਾਈ ਪਹਿਲੇ ਜਿੰਨ੍ਹੀ ਹੀ ਹੈ। ਇਲਾਕਾ ਵਾਸੀਆਂ ਦੀ ਮੰਗ ਹੈ ਕਿ ਇਸ ਗੁਰਦਾਸਪੁਰ-ਮੁਕੇਰੀਆਂ ਸੜਕ ਵਿਚਕਾਰ ਪੈਂਦੇ ਪੁਲ ਦੀ ਟੁੱਟੀ ਰੇਲਿੰਗ ਦੀ ਮੁਰੰਮਤ ਕਰਵਾਉੁਣ ਦੇ ਨਾਲ-ਨਾਲ ਇਸ ਨੂੰ ਚੌੜਾ ਕੀਤਾ ਜਾਵੇ ਤਾਂ ਜੋ ਪੁਲ ’ਤੇ ਕੋਈ ਵੀ ਹਾਦਸਾ ਨਾ ਵਾਪਰ ਸਕੇ। ਜਦ ਇਸ ਸਬੰਧੀ ਲੋਕ ਨਿਰਮਾਣ ਵਿਭਾਗ ਦੇ ਐਸ.ਡੀ.ਓ. ਲਵਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।