ਫਤਹਿਗੜ੍ਹ ਚੂੜੀਆਂ, 19 ਜੁਲਾਈ (ਅਵਤਾਰ ਸਿੰਘ ਰੰਧਾਵਾ)-ਹਲਕਾ ਫਤਹਿਗੜ੍ਹ ਚੂੜੀਆਂ ਤੋਂ ਇਲਾਵਾ ਵੱਡੇ ਖੇਤਰ ਲਈ ਜਾਣੀ-ਪਹਿਚਾਣੀ ਇਲਾਕੇ ਦੀ ਸਿਰਮੌਰ ਸਿੱਖਿਆ ਸੰਸਥਾ ਗੁਰੂ ਨਾਨਕ ਸਰਕਾਰੀ ਕਾਲਜ ਕਾਲਾ ਅਫ਼ਗਾਨਾ ਵਿਖੇ ਉੱਘੇ ਸਿੱਖਿਆ ਸ਼ਾਸਤਰੀ ਡਾ. ਅਰੁਣਾ ਰਾਣੀ ਨੇ ਬਤੌਰ ਐਸੋਸੀਏਟ ਪ੍ਰੋਫ਼ੈਸਰ ਅਤੇ ਕਾਲਜ ਦੇ ਪ੍ਰਿੰਸੀਪਲ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਕਾਲਜ ਪਹੁੰਚਣ ’ਤੇ ਜੀ ਆਇਆਂ ਕਹਿੰਦੇ ਹੋਏ ਸਮੂਹ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਉਨ੍ਹਾਂ ਦਾ ਗੁਲਦਸਤੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਅਹੁਦਾ ਸੰਭਾਲਣ ਤੋਂ ਬਾਅਦ ਪ੍ਰਿੰਸੀ: ਡਾ. ਅਰੁਣਾ ਰਾਣੀ ਨੇ ਕਿਹਾ ਕਿ ਕਾਲਜ ਦਾ ਮੁੱਖ ਉਦੇਸ਼ ਇਸ ਇਲਾਕੇ ਦੇ ਬੱਚਿਆਂ ਨੂੰ ਉੱਚ ਪੱਧਰੀ ਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਉਹ ਇਲਾਕੇ ਵਿਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਨੌਜਵਾਨੀ ਨੂੰ ਨਸ਼ਿਆਂ ਵਰਗੀਆਂ ਅਲਾਮਤਾਂ ਤੋਂ ਦੂਰ ਰੱਖਣ ਲਈ ਖੇਡਾਂ ਦੇ ਉੱਚ ਪੱਧਰੀ ਵਿਕਾਸ ਲਈ ਦਿਨ-ਰਾਤ ਇਕ ਕਰਨਗੇ। ਉਨ੍ਹਾਂ ਅੱਗੇ ਕਿਹਾ ਕਿ ਕਾਲਜ ਵਿਚ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਇੱਥੋਂ ਦੇ ਖੇਡ ਮੈਦਾਨ ਵਿਚੋਂ ਖਿਡਾਰੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਇਲਾਕੇ ਦਾ ਨਾਂਅ ਰੌਸ਼ਨ ਕਰ ਸਕਣ। ਉਨ੍ਹਾਂ ਸਮੂਹ ਸਟਾਫ਼ ਤੇ ਇਲਾਕਾ ਨਿਵਾਸੀਆਂ ਨੂੰ ਕਾਲਜ ਦੀ ਤਰੱਕੀ ਲਈ ਸਹਿਯੋਗ ਦੇਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਸਟਾਫ਼ ਮੈਂਬਰਾਂ ਨੇ ਨਵੇਂ ਪ੍ਰਿੰਸੀਪਲ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਇਸ ਮੌਕੇ ਚਮਕੌਰ ਸਿੰਘ ਸਹਾਇਕ ਪ੍ਰੋਫੈਸਰ, ਡਾ. ਅਸ਼ਵਨੀ ਕੁਮਾਰ ਸਹਾਇਕ ਪ੍ਰੋਫੈਸਰ, ਹਰਜਿੰਦਰ ਕੌਰ ਸਹਾਇਕ ਪ੍ਰੋਫੈਸਰ, ਡਾ. ਵਿਪਨ ਕੁਮਾਰ ਸਹਾਇਕ ਪ੍ਰੋਫੈਸਰ, ਹਰਿੰਦਰਜੀਤ ਸਿੰਘ ਫੁੱਟਬਾਲ ਕੋਚ, ਨਵਜੋਤ ਕੌਰ ਜੂਨੀਅਰ ਸਹਾਇਕ, ਪਰਮਿੰਦਰ ਸਿੰਘ, ਜਗਦੀਪ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸਨ।