ਕੋਟਲੀ ਸੂਰਤ ਮੱਲ੍ਹੀ, 21 ਜੁਲਾਈ (ਕੁਲਦੀਪ ਸਿੰਘ ਨਾਗਰਾ)-ਪਾਕਿਸਤਾਨ ਸਥਿਤ ਮੁਕੱਦਸ ਅਸਥਾਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਨੈਸ਼ਨਲ ਹਾਈਵੇਅ ਨਾਲ ਜੋੜਨ ਲਈ ਬਣ ਰਹੇ ਬਿਆਸ-ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇਅ ਨੇ ਪਿੰਡ ਡੇਰਾ ਪਠਾਣਾ ਦੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਹਨ ਤੇ ਪਿੰਡ ਤੋਂ ਖੇਤਾਂ ਨੂੰ ਜਾਂਦਾ ਮੁੱਖ ਰਸਤਾ ਪੁਲ ਬਨਣ ਕਰ ਕੇ ਬੰਦ ਹੋਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਸ ਸਬੰਧੀ ਸੂਬੇਦਾਰ ਸੁਰਜਨ ਸਿੰਘ, ਸਰਵਨ ਸਿੰਘ ਫੌਜੀ, ਧਰਮ ਸਿੰਘ, ਸੋਹਣ ਸਿੰਘ, ਸਤਨਾਮ ਸਿੰਘ ਫੌਜੀ, ਸੰਤੋਖ ਸਿੰਘ, ਸੂਬੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਖੇਤਾਂ ਨੂੰ ਜਾਂਦਾ ਮੇਨ ਰਸਤਾ ਹਾਈਵੇਅ ਦਾ ਪੁਲ ਬਨਣ ਕਰ ਕੇ ਬੰਦ ਹੋ ਗਿਆ ਹੈ, ਜਿਸ ਕਰ ਕੇ ਲੋਕਾਂ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸੜਕ ਦੇ ਦੋਵੇ ਪਾਸੇ ਘਰ ਹਨ ਤੇ ਹਾਈਵੇਅ ’ਤੇ ਪੁਲ ਬਣਾਉਣ ਸਮੇਂ ਪਿੰਡ ਨੂੰ ਕੋਈ ਰਸਤਾ ਨਹੀਂ ਛੱਡਿਆ ਗਿਆ, ਜਿਸ ਕਰ ਕੇ ਲੋਕਾਂ ਨੂੰ ਆਪਣੇ ਖੇਤਾਂ ਵੱਲ ਜਾਣ ਲਈ ਕਾਫੀ ਰਸਤਾ ਤੈਅ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਨੈਸ਼ਨਲ ਹਾਈਵੇ ਨੇ ਉਨ੍ਹਾਂ ਦੇ ਪਿੰਡ ਦਾ ਚਿਹਰਾ-ਮੋਹਰਾ ਹੀ ਬਦਲ ਕੇ ਰੱਖ ਦਿੱਤਾ ਹੈ ਤੇ ਕਈ ਘਰ ਇਸ ਦੀ ਲਪੇਟ ’ਚ ਆਉਣ ’ਤੇ ਵੱਡੇ ਪੁਲ ਬਨਣ ਨਾਲ ਪਿੰਡ ਦੀ ਵੱਸੋ ਹਾਈਵੇ ਦੇ ਦੋਵੇ ਪਾਸੇ ਹੋਣ ਕਰ ਕੇ ਲੋਕ ਚਿੰਤਤ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਤੋਂ ਹਾਈਵੇ ਬਹੁਤ ਉੱਚਾ ਹੋਣ ਕਰ ਕੇ ਜ਼ਮੀਨਾਂ ਬਹੁਤ ਨੀਵੀਆਂ ਹੋ ਗਈਆਂ ਹਨ, ਜਿਸ ਕਰ ਕੇ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦੀ ਸਾਂਭ-ਸੰਭਾਲ ਲਈ ਵੱਡੀ ਜੱਦੋ-ਜਹਿਦ ਕਰਨੀ ਪਿਆ ਕਰੇਗੀ। ਪਿੰਡ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਤੇ ਨੈਸ਼ਨਲ ਹਾਈਵੇ ਦੇ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਪੁਲ ਦੇ ਹੇਠੋਂ ਦੀ ਪਿੰਡ ਨੂੰ ਰਸਤਾ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਹੋ ਸਕੇ।