ਬਟਾਲਾ, 22 ਜੁਲਾਈ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੁੰਦਿਆਂ ਹੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਅਹਿਮ ਮੀਟਿੰਗਾਂ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਇਥੇ ਹੀ ਬੱਸ ਨਹੀਂ, ਸਗੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦਾ ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਵਿਖੇ ਤਾਂਤਾ ਲੱਗਣਾ ਸ਼ੁਰੂ ਹੋ ਗਿਆ ਹੈ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਜਿੱਥੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ ਵਲੋਂ ਚੰਡੀਗੜ੍ਹ ਤੋਂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੁੰਦਿਆਂ ਹੀ ਆਪਣੇ ਗ੍ਰਹਿ ਵਿਖੇ ਪਹੁੰਚਣ ’ਤੇ ਜਿੱਥੇ ਹਲਕੇ ਦੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ, ਉਥੇ ਥਾਣਾ ਘੁਮਾਣ, ਰੰਗੜ ਨੰਗਲ ਅਤੇ ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਐਸਐਚਓ ਅਤੇ ਚੌਕੀ ਇੰਚਾਰਜਾਂ ਦੀਆਂ ਬਦਲੀਆਂ ਦੇ ਨਾਲ-ਨਾਲ ਫੂਡ ਸਪਲਾਈ ਵਿਭਾਗ, ਬੀਡੀਪੀਓ ਸ੍ਰੀ ਹਰਗੋਬਿੰਦਪੁਰ ਸਾਹਿਬ ਦਾ ਸਮੁੱਚਾ ਅਮਲਾ-ਫੈਲਾ, ਬਿਜਲੀ ਬੋਰਡ ਦੇ ਅਧਿਕਾਰੀਆਂ ਦੇ ਨਾਲ-ਨਾਲ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਬਲਵਿੰਦਰ ਸਿੰਘ ਲਾਡੀ ਦੇ ਗ੍ਰਹਿ ਬਟਾਲਾ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੀਟਿੰਗਾਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ, ਜਿਸ ਤੋਂ ਬਾਅਦ ਹਲਕੇ ਵਿਚ ਨਵੀਂ ਚਰਚਾ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਕੋਲੋਂ ਪਾਰਟੀ ਹਾਈਕਮਾਂਡ ਨੇ ਪਾਵਰਾਂ ਖੋਹ ਕੇ ਬਲਵਿੰਦਰ ਸਿੰਘ ਲਾਡੀ ਨੂੰ ਦੇ ਦਿੱਤੀਆਂ ਹਨ, ਜਿਸ ਕਰਕੇ ਵੱਡੀ ਪੱਧਰ ’ਤੇ ਪੁਲਿਸ ਪ੍ਰਸ਼ਾਸਨ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦਾ ਤਬਾਦਲਾ ਹੋ ਰਿਹਾ ਹੈ। ਇਸ ਸਭ ਨੂੰ ਦੇਖਦਿਆਂ ਹਲਕੇ ਦੇ ਵਰਕਰਾਂ ਵਿਚ ਦੋਚਿੱਤੀ ਪੈਦਾ ਹੋ ਗਈ ਹੈ ਅਤੇ ਬਲਵਿੰਦਰ ਸਿੰਘ ਲਾਡੀ ਨਾਲ ਪੁਰਾਣਾ ਨਾਤਾ ਰੱਖਣ ਵਾਲੇ ਵਰਕਰਾਂ ਵਲੋਂ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਪਾਰਟੀ ਵਲੋਂ ਭਾਵੇਂ ਹਾਲੇ ਤੱਕ ਕੋਈ ਹਲਕਾ ਇੰਚਾਰਜ ਲਗਾਉਣ ਦੀ ਲਿਖਤੀ ਚਿੱਠੀ ਪੱਤਰ ਨਹੀਂ ਦਿੱਤਾ ਗਿਆ, ਪਰ ਪ੍ਰਸ਼ਾਸਨ ਵਲੋਂ ਬਲਵਿੰਦਰ ਸਿੰਘ ਲਾਡੀ ਦੇ ਕਹਿਣ ’ਤੇ ਕੰਮ ਕਾਰ ਹੋਣੇ ਸ਼ੁਰੂ ਹੋ ਚੁੱਕੇ ਹਨ। ਸ: ਲਾਡੀ ਵਲੋਂ ਅਧਿਕਾਰੀਆਂ ਨਾਲ ਕੀਤੀਆਂ ਮੀਟਿੰਗਾਂ ਦੀਆਂ ਫੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਹਲਕੇ ਵਿਚ ਵੱਡੀ ਹਿੱਲ ਜੁਲ ਪੈਦਾ ਕਰ ਦਿੱਤੀ ਹੈ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਪੁਰਾਣੇ ਤੇ ਮੌਜੂਦਾ ਵਿਧਾਇਕ ਦੇ ਵਿਰੋਧੀ ਧੜੇ ਦੇ ਵਰਕਰ ਵੀ ਬਲਵਿੰਦਰ ਸਿੰਘ ਲਾਡੀ ਨੂੰ ਮਿਲ ਕੇ ਵਧਾਈਆਂ ਦੇ ਰਹੇ ਹਨ। ਆਉਣ ਵਾਲੇ ਇਕ-ਦੋ ਦਿਨਾਂ ਵਿਚ ਸ: ਬਲਵਿੰਦਰ ਸਿੰਘ ਲਾਡੀ ਹਲਕੇ ਦੇ ਵੱਖ-ਵੱਖ ਗੁਰੂ ਘਰਾਂ ਸ੍ਰੀ ਅੱਚਲ ਸਾਹਿਬ, ਸ੍ਰੀ ਦਮਦਮਾ ਸਾਹਿਬ ਅਤੇ ਸ਼੍ਰੋਮਣੀ ਭਗਤ ਨਾਮਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਘੁਮਾਣ ਵਿਖੇ ਵਰਕਰਾਂ ਨਾਲ ਪਹੁੰਚ ਕੇ ਨਤਮਸਤਕ ਹੋਣਗੇ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਆਮ ਆਦਮੀ ਪਾਰਟੀ ਦੇ ਨਵੇਂ ਸਫ਼ਰ ਦੀ ਸ਼ੁਰੂਆਤ ਕਰਨਗੇ।