ਸ਼ਾਹਪੁਰ ਕੰਢੀ, 22 ਜੁਲਾਈ (ਰਣਜੀਤ ਸਿੰਘ)-ਪਹਾੜਾਂ ’ਚੋਂ ਮੀਂਹ, ਬਰਸਾਤੀ ਨਾਲਿਆਂ ਤੋਂ ਆ ਰਹੇ ਪਾਣੀ ਕਾਰਨ ਰਣਜੀਤ ਸਾਗਰ ਡੈਮ ਦੀ ਝੀਲ ਦੇ ਪੱਧਰ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਝੀਲ ਦਾ ਪੱਧਰ 504.45 ਮੀਟਰ ਪਹੁੰਚ ਗਿਆ, ਜੋ ਕਿ ਖਤਰੇ ਦੇ ਨਿਸ਼ਾਨ ਤੋਂ 23 ਮੀਟਰ ਘੱਟ ਹੈ। ਰਣਜੀਤ ਸਾਗਰ ਡੈਮ ਦੇ ਉਪਰ ਬਣੇ ਚੰਮੇਰਾ ਡੈਮ ਤੋਂ 25177 ਕਿਊਸਿਕ ਪਾਣੀ ਝੀਲ ਅੰਦਰ ਆ ਰਿਹਾ ਹੈ। ਰਣਜੀਤ ਸਾਗਰ ਡੈਮ ਦੇ ਦੋ ਯੂਨਿਟ ਚਲਾ ਕੇ 300 ਮੈਗਾਵਾਟ ਬਿਜਲੀ ਦਾ ਉਤਪਾਦਨ ਕੀਤਾ ਜਾ ਰਿਹਾ ਹੈ, ਜਿਸ ਨਾਲ 16060 ਕਿਊਸਿਕ ਪਾਣੀ ਸ਼ਾਹਪੁਰ ਕੰਢੀ ਡੈਮ ਦੀ ਝੀਲ ਅੰਦਰ ਆ ਰਿਹਾ ਹੈ। ਸ਼ਾਹਪੁਰ ਕੰਢੀ ਡੈਮ ਤੋਂ 13550 ਕਿਊਸਿਕ ਪਾਣੀ ਮਾਧੋਪੁਰ ਹਾਈਡਲ ਨੂੰ ਛੱਡਿਆ ਜਾ ਰਿਹਾ ਹੈ। ਮਾਧੋਪੁਰ ਹਾਈਡਲ ਤੋਂ 3243 ਕਿਊਸਿਕ ਪਾਣੀ ਯੂ.ਬੀ.ਡੀ.ਸੀ. ਨਹਿਰ ਨੂੰ, 6 ਹਜ਼ਾਰ ਕਿਊਸਿਕ ਐਮ.ਬੀ. ਲਿੰਕ ਨਹਿਰ ਨੂੰ 200 ਕਿਊਸਿਕ ਕਸ਼ਮੀਰ ਕੈਨਾਲ ਅਤੇ 50 ਕਿਊਸਿਕ ਪਾਣੀ ਇਸਲਾਮਪੁਰ ਨਹਿਰ ਨੂੰ ਛੱਡਿਆ ਜਾ ਰਿਹਾ ਹੈ।