ਬਟਾਲਾ, 25 ਜੁਲਾਈ (ਸਤਿੰਦਰ ਸਿੰਘ)-ਪਿੰਡ ਭਾਗੋਵਾਲ ਦੇ ਉਘੇ ਪਹਿਲਵਾਨ ਸਵਰਗਵਾਸੀ ਮਹਿੰਦਰ ਸਿੰਘ ਪਹਿਲਵਾਨ ਦੇ ਪਰਿਵਾਰ ਝਿਰਮਲ ਸਿੰਘ, ਡਾ. ਲਖਬੀਰ ਸਿੰਘ ਭਾਗੋਵਾਲੀਆ ਅਤੇ ਕੁਲਵੰਤ ਸਿੰਘ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਪਿਤਾ ਦੀ ਯਾਦ ਵਿਚ ਹਰ ਸਾਲ ਆਪਣੀ ਹਵੇਲੀ ਵਿਚ ਪੰਜਾਬੀ ਦੇ ਇਕ ਉੱਘੇ ਗਾਇਕ ਦਾ ਖੁੱਲਾ ਅਖਾੜਾ ਲਗਾਇਆ ਕਰਨਗੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਪਹਿਲਵਾਨ, ਸਵਰਨ ਸਿੰਘ ਉਰਫ਼ ਕੋਹਲਾ ਪਹਿਲਵਾਨ ਭਾਗੋਵਾਲ ਦੇ ਸ਼ਗਿਰਦ ਰਹੇ ਹਨ ਤੇ ਉਹ ਗਰੀਬਾਂ ਦੇ ਹਮਦਰਦ ਰਹੇ ਹਨ। ਉਨ੍ਹਾਂ ਕਿਹਾ ਕਿ ਪਿੰਡ ਭਾਗੋਵਾਲ ਪਹਿਲਵਾਨਾਂ ਦਾ ਪਿੰਡ ਰਿਹਾ ਹੈ, ਇਨ੍ਹਾਂ ਪਹਿਲਵਾਨਾਂ ਦੀ ਯਾਦ ਨੂੰ ਤਾਜਾ ਰੱਖਣ ਲਈ ਇਹ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸ ਦਿਨ ਪਹਿਲਵਾਨਾਂ ਦੀਆਂ ਕੁਸ਼ਤੀਆਂ ਵੀ ਕਰਵਾਈਆਂ ਜਾਣਗੀਆਂ ਅਤੇ ਬੁਲਾਏ ਗਏ ਖ਼ਲੀਫ਼ਾ ਪਹਿਲਵਾਨਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ੍ਹਾਂ ਆਦਿ ਨਾਲ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਮਹਿੰਦਰ ਸਿੰਘ ਅਤੇ ਸਵਰਨ ਸਿੰਘ ਉਰਫ਼ ਕੋਹਲਾ ਪਹਿਲਵਾਨਾਂ ਦੀਆਂ ਮੂਰਤੀਆਂ ਆਪਣੀ ਹਵੇਲੀ, ਜੋ ਕਿ ਇਸ ਕੰਮ ਨੂੰ ਸਮਰਪਿਤ ਕਰ ਦਿੱਤੀ ਗਈ ਹੈ, ਵਿਚ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਅਖਾੜੇ ਅਤੇ ਕੁਸ਼ਤੀਆਂ ਦੀ ਤਰੀਕ ਸਮੁੱਚੀਆਂ ਪੰਚਾਇਤਾਂ, ਖ਼ਲੀਫ਼ਾ ਪਹਿਲਵਾਨਾਂ, ਪਿੰਡ ਦੀਆਂ ਸ਼ਖ਼ਸੀਅਤਾਂ ਅਤੇ ਆਪਣੇ ਪਰਿਵਾਰਾਂ ਨਾਲ ਸਲਾਹ ਕਰ ਕੇ ਰੱਖੀ ਜਾਵੇਗੀ।