ਜਲੰਧਰ, 25 ਜੁਲਾਈ (ਜਸਪਾਲ ਸਿੰਘ)-ਹਰ ਸਾਲ 26 ਜੁਲਾਈ ਨੂੰ ਮਨਾਇਆ ਜਾਣ ਵਾਲਾ ਕਾਰਗਿਲ ਵਿਜੈ ਦਿਵਸ ਭਾਰਤ ਦੇ ਇਤਿਹਾਸ ਦਾ ਉਹ ਗੌਰਵਮਈ ਦਿਨ ਹੈ, ਜਦੋਂ 1999 ਵਿਚ ਭਾਰਤੀ ਫ਼ੌਜ ਨੇ ਕਾਰਗਿਲ ਦੀਆਂ ਬਰਫ਼ੀਲੀਆਂ ਅਤੇ ਉੱਚੀਆਂ ਪਹਾੜੀ ਚੋਟੀਆਂ ਤੋਂ ਦੁਸ਼ਮਣ ਨੂੰ ਖ਼ਦੇੜ ਕੇ ਤਿਰੰਗੇ ਦੀ ਸ਼ਾਨ ਨੂੰ ਮੁੜ ਬਹਾਲ ਕੀਤਾ ਸੀ। ਇਹ ਦਿਨ ਸਿਰਫ਼ ਇਕ ਫ਼ੌਜੀ ਜਿੱਤ ਦਾ ਹੀ ਪ੍ਰਤੀਕ ਨਹੀਂ, ਸਗੋਂ ਉਨ੍ਹਾਂ ਬਹਾਦਰ ਫ਼ੌਜੀ ਜਵਾਨਾਂ ਦੀ ਅਮਰ ਕੁਰਬਾਨੀ ਅਤੇ ਦੇਸ਼ ਪ੍ਰੇਮ ਦੇ ਜਜ਼ਬੇ ਦਾ ਵੀ ਪ੍ਰਤੀਕ ਹੈ, ਜਿਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਲਈ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ। ਅੱਜ ਤੋਂ 27 ਸਾਲ ਪਹਿਲਾਂ ਪਾਕਿਸਤਾਨੀ ਫ਼ੌਜ ਅਤੇ ਘੁਸਪੈਠੀਆਂ ਨੇ ਜੰਮੂ-ਕਸ਼ਮੀਰ ਦੇ ਕਾਰਗਿਲ, ਦ੍ਰਾਸ, ਬਟਾਲਿਕ ਅਤੇ ਟੋਲੋਲਿੰਗ ਖੇਤਰ ਦੀਆਂ ਕਈ ਰਣਨੀਤਕ ਚੋਟੀਆਂ ‘ਤੇ ਗੁਪਤ ਤੌਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਇਸ ਘੁਸਪੈਠ ਦਾ ਮਕਸਦ ਸ੍ਰੀਨਗਰ-ਲੇਹ ਰਾਸ਼ਟਰੀ ਮਾਰਗ ਨੂੰ ਪ੍ਰਭਾਵਿਤ ਕਰਕੇ ਭਾਰਤ ਦੀ ਸੈਨਿਕ ਸਪਲਾਈ ਨੂੰ ਰੋਕਣਾ ਸੀ। ਸਥਿਤੀ ਦੀ ਗੰਭੀਰਤਾ ਨੂੰ ਦੇਖਦਿਆਂ ਭਾਰਤੀ ਫ਼ੌਜ ਨੇ ‘ਆਪਰੇਸ਼ਨ ਵਿਜੈ’ ਸ਼ੁਰੂ ਕੀਤਾ ਤੇ ਦੋ ਮਹੀਨਿਆਂ ਤੋਂ ਵੱਧ ਚੱਲੇ ਇਸ ਯੁੱਧ ਵਿਚ ਭਾਰਤੀ ਜਵਾਨਾਂ ਨੇ ਬਹੁਤ ਹੀ ਮੁਸ਼ਕਿਲ ਹਾਲਾਤਾਂ ਵਿਚ ਲੜਾਈ ਲੜੀ । ਹਜ਼ਾਰਾਂ ਫੁੱਟ ਉੱਚੀਆਂ, ਬਰਫ਼ ਨਾਲ ਢੱਕੀਆਂ ਚੋਟੀਆਂ ਅਤੇ ਦੁਸ਼ਮਣ ਦੇ ਮਜ਼ਬੂਤ ਟਿਕਾਣਿਆਂ ‘ਤੇ ਹਮਲਾ ਕਰਨਾ ਬੇਹੱਦ ਔਖਾ ਸੀ ਪਰ ਭਾਰਤੀ ਸੈਨਿਕਾਂ ਨੇ ਅਸਾਧਾਰਣ ਹਿੰਮਤ, ਸਬਰ ਅਤੇ ਰਣਨੀਤਿਕ ਕੁਸ਼ਲਤਾ ਦਾ ਪ੍ਰਦਰਸ਼ਨ ਕਰਦਿਆਂ ਇੱਕ-ਇੱਕ ਚੋਟੀ ਨੂੰ ਮੁੜ ਆਪਣੇ ਕਬਜ਼ੇ ਵਿਚ ਲਿਆ। 26 ਜੁਲਾਈ, 1999 ਨੂੰ ਭਾਰਤ ਨੇ ਕਾਰਗਿਲ ਯੁੱਧ ਵਿਚ ਪੂਰੀ ਜਿੱਤ ਦਾ ਐਲਾਨ ਕੀਤਾ ਅਤੇ ਉਸ ਦਿਨ ਤੋਂ ਹਰ ਸਾਲ ਇਸ ਜਿੱਤ ਦੀ ਯਾਦ ਵਿਚ ਕਾਰਗਿਲ ਵਿਜੈ ਦਿਵਸ ਮਨਾਇਆ ਜਾਂਦਾ ਹੈ। ਕਾਰਗਿਲ ਯੁੱਧ ਦੌਰਾਨ 527 ਤੋਂ ਵੱਧ ਭਾਰਤੀ ਜਵਾਨਾਂ ਨੇ ਆਪਣੀ ਸ਼ਹਾਦਤ ਦਿੱਤੀ, ਜਦਕਿ ਸੈਂਕੜੇ ਹੋਰ ਜਵਾਨ ਜ਼ਖ਼ਮੀ ਹੋਏ। ਕੈਪਟਨ ਵਿਕਰਮ ਬੱਤਰਾ, ਲੈਫ਼ਟੀਨੈਂਟ ਮਨੋਜ ਕੁਮਾਰ ਪਾਂਡੇ, ਗ੍ਰੇਨੇਡੀਅਰ ਯੋਗੇਂਦਰ ਸਿੰਘ ਯਾਦਵ, ਰਾਈਫਲਮੈਨ ਸੰਜੇ ਕੁਮਾਰ ਅਤੇ ਅਨੇਕਾਂ ਹੋਰ ਬਹਾਦਰ ਸੈਨਿਕਾਂ ਦੀਆਂ ਵੀਰਗਾਥਾਵਾਂ ਅੱਜ ਵੀ ਦੇਸ਼ ਵਾਸੀਆਂ ਲਈ ਪ੍ਰੇਰਣਾ ਦਾ ਸਰੋਤ ਹਨ । ਕਾਰਗਿਲ ਦੀ ਜੰਗ ਸੰਬੰਧੀ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ ਤੇ ਉਨ੍ਹਾਂ ਨੂੰ ਦੇਖ ਕੇ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਕਿ ਕਿਸ ਤਰ੍ਹਾਂ ਮੁਸ਼ਕਿਲ ਹਲਾਤ ’ਚ ਭਾਰਤੀ ਫ਼ੌਜ ਨੇ ਦੁਸ਼ਮਣ ਨੂੰ ਧੂੜ ਚਟਾਈ ਤੇ ਜਿੱਤ ਦੇ ਝੰਡੇ ਗੱਡੇ। ਇਸ ਯੁੱਧ ਦੌਰਾਨ ਸੈਨਿਕਾਂ ਦੀ ਬਹਾਦਰੀ ਤੇ ਕੁਰਬਾਨੀ ਨੇ ਇਹ ਸਾਬਤ ਕੀਤਾ ਕਿ ਭਾਰਤੀ ਫ਼ੌਜ ਹਰ ਚੁਣੌਤੀ ਦਾ ਡੱਟ ਕੇ ਸਾਹਮਣਾ ਕਰਨ ਦੇ ਪੂਰੀ ਤਰ੍ਹਾਂ ਨਾਲ ਸਮਰੱਥ ਹੈ ਅਤੇ ਜੇਕਰ ਭਵਿੱਖ ’ਚ ਕਿਸੇ ਮੁਲਕ ਨੇ ਅਜਿਹੀ ਹਿਮਾਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਨਤੀਜੇ ਕਾਰਗਿਲ ਜੰਗ ਤੋਂ ਵੀ ਭਿਆਨਕ ਨਿਕਲਣਗੇ। ਓਧਰ ਇਸ ਦਿਨ ਦੇਸ਼ ਭਰ ’ਚ ਸਕੂਲਾਂ, ਕਾਲਜਾਂ, ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਫ਼ੌਜ ਵਲੋਂ ਵੀ ਵਿਸ਼ੇਸ਼ ਸਮਾਗਮ ਕਰਵਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਜਾਂਦਾ ਹੈ। ਕਾਰਗਿਲ ਵਿਜੈ ਦਿਵਸ ਸਿਰਫ਼ ਜਿੱਤ ਦਾ ਜਸ਼ਨ ਨਹੀਂ, ਸਗੋਂ ਇਹ ਸਾਨੂੰ ਦੇਸ਼ ਦੀ ਏਕਤਾ, ਅਖੰਡਤਾ ਅਤੇ ਸੁਰੱਖਿਆ ਲਈ ਫ਼ੌਜ ਦੇ ਅਦੁੱਤੀ ਯੋਗਦਾਨ ਦੀ ਯਾਦ ਵੀ ਦਿਵਾਉਂਦਾ ਹੈ ਤੇ ਸਮੁੱਚਾ ਦੇਸ਼ ਸ਼ਹੀਦ ਸੈਨਿਕਾਂ ਦੀ ਬਹਾਦਰੀ, ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਹਮੇਸ਼ਾ ਮਾਣ ਤੇ ਸਤਿਕਾਰ ਨਾਲ ਯਾਦ ਕਰਦਾ ਰਹੇਗਾ।