ਬਟਾਲਾ, 26 ਜੁਲਾਈ (ਸਤਿੰਦਰ ਸਿੰਘ)-ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੂੰ ਆਮ ਆਦਮੀ ਪਾਰਟੀ ਨੇ ਵੱਡਾ ਮਾਣ ਸਤਿਕਾਰ ਦਿੱਤਾ ਹੈ, ਜਿੱਥੇ ਉਨ੍ਹਾਂ ਨੂੰ ਪਹਿਲਾਂ ਹਲਕੇ ਦਾ ਅਬਜ਼ਰਵਰ ਨਿਯੁਕਤ ਕੀਤਾ ਗਿਆ ਸੀ, ਉੱਥੇ ਪਾਰਟੀ ਨੇ ਹੋਰ ਜ਼ਿੰਮੇਵਾਰੀ ਸੌਂਪਦਿਆਂ ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਸੁਬਾ ਸਕੱਤਰ ਬਣਾਇਆ ਗਿਆ ਹੈ। ਇਸ ਨਿਯੁਕਤੀ ’ਤੇ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਸ਼ਹਿਰ ਵਾਸੀਆਂ ਨੇ ਮੈਨੂੰ ਦੂਸਰੀ ਵਾਰ ਵੱਡਾ ਮਾਣ ਸਤਿਕਾਰ ਦੇ ਕੇ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਸਾਹਿਬ ਦਾ ਪ੍ਰਧਾਨ ਬਣਾਇਆ ਹੈ, ਉਥੇ ਨਾਲ ਹੀ ਪਾਰਟੀ ਨੇ ਮੇਰੇ ’ਤੇ ਭਰੋਸਾ ਤੇ ਵਿਸ਼ਵਾਸ ਕਰ ਕੇ ਹਲਕੇ ਦਾ ਅਬਜਰਵਰ ਨਿਯੁਕਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੇ ਹੋਰ ਵੀ ਵੱਡੀ ਜ਼ਿੰਮੇਵਾਰੀ ਸੌਪਦਿਆਂ ਮੈਨੂੰ ਯੂਥ ਵਿੰਗ ਦਾ ਸੂਬਾ ਸਕੱਤਰ ਨਿਯੁਕਤ ਕਰ ਕੇ ਮੈਨੂੰ ਬਹੁਤ ਹੀ ਵੱਡਾ ਮਾਣ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵਲੋਂ ਦਿੱਤੇ ਮਾਣ ਨੂੰ ਸਦਾ ਬਹਾਲ ਰੱਖਾਂਗਾ ਤੇ ਪਾਰਟੀ ਲਈ ਦਿਨ-ਰਾਤ ਮਿਹਨਤ ਕਰ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਘਰ-ਘਰ ਪਹੁੰਚਾਵਾਂਗੇ। ਜ਼ਿਕਰਯੋਗ ਹੈ ਕਿ ਨਵਦੀਪ ਸਿੰਘ ਪੰਨੂੰ ਨੇ ਸਿਆਸਤ ਵਿਚ ਕਦਮ ਰੱਖਦਿਆਂ ਹੀ ਨਗਰ ਕੌਂਸਲ ਸ੍ਰੀ ਹਰਗੋਬਿੰਦਪੁਰ ਸਾਹਿਬ ਦੀ ਪ੍ਰਧਾਨਗੀ ਕਰ ਕੇ ਲੋਕਾਂ ਨੂੰ ਕੰਮ ਕਰ ਕੇ ਦਿਖਾਏ, ਜਿਸ ਕਰ ਕੇ ਲੋਕਾਂ ਨੇ ਨਵਦੀਪ ਸਿੰਘ ਪੰਨੂੰ ਦੇ ਕੰਮਾਂ ਨੂੰ ਵੇਖਦਿਆਂ ਅਤੇ ਮਿਲਾਪੜੇ ਸੁਭਾਅ ਕਰ ਕੇ ਫਿਰ ਤੋਂ ਦੂਸਰੀ ਵਾਰ ਨਗਰ ਕੌਂਸਲ ਦਾ ਪ੍ਰਧਾਨ ਬਣਾ ਦਿੱਤਾ। ਲੋਕਾਂ ਵਿਚ ਵੱਡੇ ਪਿਆਰ ਤੇ ਸਤਿਕਾਰ ਕਰਕੇ ਲੋਕ ਅੱਜ ਵੀ ਨਵਦੀਪ ਸਿੰਘ ਪੰਨੂੰ ਨੂੰ ਪਲਕਾਂ ’ਤੇ ਬਿਠਾ ਲੈਂਦੇ ਹਨ। ਨਵਦੀਪ ਸਿੰਘ ਪੰਨੂੰ ਵੀ ਲੋਕਾਂ ਵਲੋਂ ਦਿੱਤੇ ਮਣਾਂ ਮੂੰਹੀ ਪਿਆਰ ਨੂੰ ਮੋੜਨ ਲਈ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰਵਾ ਰਹੇ ਹਨ ਅਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਲੋਕਾਂ ਦੇ ਕੰਮ ਕਰ ਰਹੇ ਹਨ।