ਬਟਾਲਾ, 30 ਜੁਲਾਈ (ਸਤਿੰਦਰ ਸਿੰਘ)-ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਇਕ ਸ਼ੈਰੀ ਕਲਸੀ ਵਲੋਂ ਸ਼ਹੀਦ ਭਾਈ ਸੁੱਖਾ ਸਿੰਘ, ਸ਼ਹੀਦ ਭਾਈ ਮਹਿਤਾਬ ਸਿੰਘ ਨੂੰ ਸਮਰਪਿਤ ਮੁਹੱਲਾ ਕਲੀਨਿਕ ਦਾ ਬਟਾਲਾ ਵਾਸੀਆਂ ਦੀ ਮੌਜੂਦਗੀ ’ਚ ਉਦਘਾਟਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਯਸ਼ਪਾਲ ਚੌਹਾਨ, ਸੀਨੀਅਰ ਆਗੂ ਪ੍ਰਦੀਪ ਕੁਮਾਰ ਤੇ ਐੱਸ ਐਮ ਓ ਮਨਿੰਦਰਜੀਤ ਸਿੰਘ ਵੀ ਮੌਜੂਦ ਸਨ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਰਾਜ ਦੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਬਿਹਤਰ ਤੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਆਮ ਆਦਮੀ ਕਲੀਨਿਕ ਸ਼ੁਰੂ ਕੀਤੇ ਗਏ ਹਨ। ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਗੁਣਵੱਤਾ ਭਰੀਆਂ ਸਿਹਤ ਸੇਵਾਵਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਿਹਤ ਖੇਤਰ ’ਚ ਵੱਡੀ ਪੱਧਰ ’ਤੇ ਮਿਸਾਲੀ ਸੁਧਾਰ ਹੋਏ ਹਨ। ਆਮ ਆਦਮੀ ਕਲੀਨਿਕਾਂ ਰਾਹੀਂ ਲੋਕਾਂ ਨੂੰ ਮੁਫ਼ਤ ਡਾਕਟਰੀ ਜਾਂਚ, ਦਵਾਈਆਂ ਤੇ ਵੱਖ-ਵੱਖ ਲੈਬ ਟੈਸਟਾਂ ਦੀ ਸਹੂਲਤ ਉਪਲੱਬਧ ਕਰਵਾਈ ਜਾ ਰਹੀ ਹੈ, ਜਿਸ ਨਾਲ ਲੋਕਾਂ ਦੇ ਸਮੇਂ ਅਤੇ ਪੈਸੇ ਦੀ ਬਚਤ ਹੋ ਰਹੀ ਹੈ, ਕਿਉਂਕਿ ਆਮ ਆਦਮੀ ਕਲੀਨਿਕ ’ਚ 46 ਤਰ੍ਹਾਂ ਦੇ ਟੈਸਟ ਤੇ 107 ਤਰ੍ਹਾਂ ਦੀਆਂ ਦਵਾਈਆਂ ਮੁਫ਼ਤ ਮਿਲ ਰਹੀਆਂ ਹਨ। ਇਸ ਕਲੀਨਿਕ ’ਚ ਕੋਈ ਪਰਚੀ ਫੀਸ ਨਹੀਂ ਲੱਗ ਰਹੀ। ਉਨ੍ਹਾਂ ਕਿਹਾ ਕਿ ਆਮ ਆਦਮੀ ਕਲੀਨਿਕ ਖੋਲਣ ਨਾਲ ਲੋਕਾਂ ਨੂੰ ਯੋਗ ਮੈਡੀਕਲ ਅਫ਼ਸਰ ਵਲੋਂ ਮੁਆਇਨਾ ਕਰਕੇ ਲੋੜੀਂਦੇ ਟੈਸਟ ਅਤੇ ਦਵਾਈਆਂ ਮੁਫ਼ਤ ਮੁੱਹਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਦਾ ਫਾਇਦਾ ਬਟਾਲਾ ਨਿਵਾਸੀਆਂ ਨੂੰ ਮਿਲ ਰਿਹਾ ਹੈ।