ਗੁਰਦਾਸਪੁਰ, 30 ਜੁਲਾਈ (ਪੰਕਜ ਸ਼ਰਮਾ)-ਸਫਾ਼ਈ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਡੀ.ਐੱਸ.ਪੀ ਬਰਨਾਲਾ ਤੇ ਐੱਸ.ਐੱਚ.ਓ ਬਰਨਾਲਾ ਖਿਲਾਫ ਐੱਸ.ਸੀ/ਐੱਸ.ਟੀ ਦਾ ਪਰਚਾ ਦਰਜ ਕਰਵਾਉਣ, ਕੱਚੇ ਮੁਲਾਜ਼ਮ ਪੱਕੇ ਕਰਨ, ਡੀ.ਏ ਰਿਲੀਜ਼ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਦਿੱਤੇ ਸੂਬਾ ਪੱਧਰੀ ਪੰਜਾਬ ਬੰਦ ਸੱਦੇ ਨੂੰ ਗੁਰਦਾਸਪੁਰ ਸ਼ਹਿਰ ’ਚ ਭਰਵਾਂ ਹੁੰਗਾਰਾ ਮਿਲਿਆ। ਸਫਾਈ ਕਰਮਚਾਰੀਆਂ ਵਲੋਂ ਸ਼ਹਿਰ ਬੰਦ ਦੇ ਸੱਦੇ ਨੂੰ ਭਰਵਾਂ ਹੁੰਗਾਰਾ ਮਿਲਣ ਉਪਰੰਤ ਸ਼ਹਿਰ ’ਚ ਮਾਰਚ ਕੀਤਾ ਗਿਆ। ਸਫਾਈ ਕਰਮਚਾਰੀ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਮਨੀਸ਼ ਗਿੱਲ, ਸਕੱਤਰ ਸੋਨੂੰ ਸੱਭਰਵਾਲ, ਕੱਚਾ ਸਫਾਈ ਸੇਵਕ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਸ਼ੀਰ ਸਿੰਘ, ਰਵੀ ਕੁਮਾਰ ਨੇ ਕਿਹਾ ਕਿ ਬੀਤੇ ਦਿਨ੍ਹੀਂ ਪੰਜਾਬ ਸਰਕਾਰ ਦੇ ਇਸ਼ਾਰੇ ਉੱਪਰ ਬਰਨਾਲਾ ਵਿਖੇ ਕੰਮ ਛੋੜ੍ਹ ਹੜ੍ਹਤਾਲ ਉੱਪਰ ਬੈਠੇ ਸਫਾਈ ਕਰਮੀਆਂ ਉੱਪਰ ਡੀ.ਐੱਸ.ਪੀ ਅਤੇ ਐੱਸ.ਐੱਚ.ਓ ਬਰਨਾਲਾ ਵਲੋਂ ਅਣਮਨੁੱਖੀ ਤਸ਼ਦੱਦ ਕੀਤਾ ਗਿਆ। ਜਿਸ ਤੋਂ ਬਾਅਦ ਸਰਕਾਰ ਨੇ ਗੋਂਗਲੂਆਂ ਤੋਂ ਮਿੱਟੀ ਝਾੜ੍ਹਦੇ ਹੋਏ ਡੀ.ਐੱਸ.ਪੀ ਨੂੰ ਮੁਅਤੱਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ। ਸਰਕਾਰ ਦੀ ਇਸ ਕਾਰਵਾਈ ਤੋਂ ਪੰਜਾਬ ਦੇ ਸਮੂਹ ਸਫਾਈ ਕਰਮੀ ਨਾਖੁਸ਼ ਹਨ। ਆਗੂਆਂ ਨੇ ਕਿਹਾ ਕਿ ਜਿੱਥੇ ਮੁਲਾਜ਼ਮ ਮੰਗਾਂ ਨੂੰ ਲੈ ਕੇ ਉਹ ਪਹਿਲਾਂ ਹੀ ਸੰਘਰਸ਼ ਕਰ ਰਹੇ ਸਨ, ਉੱਥੇ ਹੁਣ ਉਹ ਬਰਨਾਲਾ ਪੁਲਿਸ ਜ਼ਬਰ ਖਿਲਾਫ ਵੀ ਸੰਘਰਸ਼ ਜਾਰੀ ਰੱਖਣਗੇ ਤੇ ਡੀ.ਐੱਸ.ਪੀ ਅਤੇ ਐੱਸ.ਐੱਚ.ਓ ਖਿਲਾਫ ਕਾਰਵਾਈ ਕਰਵਾਉਣ ਲਈ ਲੜ੍ਹਨਗੇ। ਇਸ ਮੌਕੇ ਆਗੂਆਂ ਨੇ ਗੁਰਦਾਸਪੁਰ ਦੀਆਂ ਸਮੁੱਚੀਆਂ ਕਾਰੋਬਾਰੀ ਜਥੇਬੰਦੀਆਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਸ਼ਹਿਰ ਦੇ ਦੁਕਾਨਦਾਰ ਅਤੇ ਕਾਰੋਬਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਅੱਜ ਸ਼ਹਿਰ ਮੁਕੰਮਲ ਬੰਦ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਖਿਲਾਫ ਦੁਕਾਨਦਾਰ, ਕਾਰੋਬਾਰੀ ਅਤੇ ਸਫਾਈ ਕਰਮੀਆਂ ਦੇ ਏਕੇ ਨੇ ਪੰਜਾਬ ਵਿਚ ਮਿਸਾਲ ਕਾਇਮ ਕੀਤੀ ਹੈ। ਆਗੂਆਂ ਨੇ ਸੰਘਰਸ਼ ਦੀ ਹਮਾਇਤ ਕਰ ਰਹੀ ਪੰਜਾਬ ਸਟੂਡੈਂਟਸ ਯੂਨੀਅਨ, ਇੰਡੀਅਨ ਫੈਡਰੇਸ਼ਨ ਆੱਫ ਟਰੇਡ ਯੂਨੀਅਨਜ਼, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਡੈਮੋਕਰੇਟਿਕ ਮੁਲਾਜ਼ਮ ਫੈਡੇਰਸ਼ਨ, ਜਮਹੂਰੀ ਅਧਿਕਾਰ ਸਭਾ ਪੰਜਾਬ, ਸੀ.ਟੀ.ਯੂ ਪੰਜਾਬ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਪੀ.ਆਰ.ਐੱਸ.ਯੂ, ਸ਼੍ਰੀ ਗੁਰੂ ਰਵਿਦਾਸ ਸਭਾ (ਸ਼ਹਿਰੀ), ਸਤਿਗੁਰੂ ਨਾਭਾ ਦਾਸ ਸਭਾ, ਮਹਾਸ਼ਾ ਇੰਪਲਾਇਜ਼ ਭਲਾਈ ਫਰੰਟ, ਸਨਾਤਨ ਜਾਗਰਣ ਮੰਚ, ਰਾਸ਼ਟਰੀ ਵਿਕਲਾਂਗ ਸਭਾ, ਡਰਾਈਵਰ ਯੂਨੀਅਨ, ਸਿਵਲ ਹਸਪਤਾਲ ਸਫਾਈ ਸੇਵਕ ਯੂਨੀਅਨ, ਮਹਾਂਰਿਸ਼ੀ ਵਾਲਮੀਕਿ ਸਭਾ ਆਦਿ ਜਥੇਬੰਦੀਆਂ ਦਾ ਧੰਨਵਾਦ ਕੀਤਾ।