ਬਟਾਲਾ, 31 ਜੁਲਾਈ (ਸਤਿੰਦਰ ਸਿੰਘ)-ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੈਂਬਰ ਪਾਰਲੀਮੈਂਟ ਖਡੂਰ ਸਾਹਿਬ ਤੇ ਮੁੱਖ ਸੇਵਾਦਾਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਉੱਪਰ ਦਰਜ ਕੀਤੇ ਗਏ ਮੁਕੱਦਮੇ ਤੇ ਉਨ੍ਹਾਂ ਨੂੰ ਪੰਜਾਬ ਲਿਆਉਣ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਸੰਬੰਧ ਵਿਚ ਬੀਤੇ ਦਿਨ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਗਿਆ। ਇਸ ਘਿਰਾਓ ’ਚ ਪੰਜਾਬ ਭਰ ਤੋਂ 20 ਹਜ਼ਾਰ ਤੋਂ ਉੱਪਰ ਲੋਕਾਂ ਬੀਬੀਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ। ਚੰਡੀਗੜ੍ਹ ’ਚ 8 ਕਿਲੋਮੀਟਰ ਪੈਦਲ ਮਾਰਚ ਕਰਦੇ ਹੋਏ ਲੋਕ ਮੁੱਖ ਮੰਤਰੀ ਦੇ ਨਿਵਾਸ ਕੋਲ ਪਹੁੰਚਣ ਵਿਚ ਕਾਮਯਾਬ ਰਹੇ, ਜਿਸ ਜੋਸ਼ ਤੇ ਉਤਸ਼ਾਹ ਨਾਲ 3 ਕਿਲੋਮੀਟਰ ਲੰਬੇ ਲੋਕਾਂ ਦੇ ਕਾਫਲੇ ਵਲੋਂ ਇਹ ਘਿਰਾਓ ਕੀਤਾ ਗਿਆ, ਉਸ ਨੂੰ ਵੇਖ ਕੇ ਪੰਜਾਬ ਸਰਕਾਰ ਤੇ ਵਿਰੋਧੀ ਪਾਰਟੀਆਂ ਦੀਆਂ ਨੀੰਦਾਂ ਹਰਾਮ ਹੋ ਗਈਆਂ ਹਨ। ਇਹ ਪ੍ਰਗਟਾਵਾ ਪ੍ਰਿਥੀਪਾਲ ਸਿੰਘ ਬਟਾਲਾ ਕਾਰਜਕਾਰਨੀ ਕਮੇਟੀ ਮੈਂਬਰ ਤੇ ਇੰਚਾਰਜ ਹਲਕਾ ਬਟਾਲਾ, ਅਨੂਪ ਸਿੰਘ ਡੱਲਾ ਸੀਨੀ. ਆਗੂ ਤੇ ਬੀਬੀ ਪ੍ਰਭਜੋਤ ਕੌਰ ਬਟਾਲਾ ਸੀਨੀ. ਆਗੂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਘਿਰਾਓ ਪ੍ਰੋਗਰਾਮ ਨੇ ਪੰਜਾਬ ਤੇ ਭਾਰਤ ਸਰਕਾਰ ਨੂੰ ਦੱਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਦਾ ਮੁੱਦਾ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁੱਕਾ ਹੈ ਅਤੇ ਹਰਮਨ ਪਿਆਰਾ ਆਗੂ ਬਣ ਚੁੱਕਾ ਹੈ। ਜ਼ਮੀਨੀ ਪੱਧਰ ’ਤੇ ਦਸ ਗੁਣਾਂ ਵੱਧ ਲੋਕ ਭਾਈ ਅੰਮ੍ਰਿਤਪਾਲ ਸਿੰਘ ਦੀ ਵਿਚਾਰਧਾਰਾ ਨਾਲ ਜੁੜ ਚੁੱਕੇ ਹਨ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਪਾਰਟੀ ਦੇ ਹਿੱਸਾ ਬਣੇ ਹਨ। ਪੰਜਾਬ ’ਚ ਪੰਥਕ ਰਾਜਨੀਤੀ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਘਿਰਾਓ ਨੇ ਵਿਰੋਧੀ ਪਾਰਟੀਆਂ ਨੂੰ ਸੰਕੇਤ ਦੇ ਦਿੱਤਾ ਕਿ ਉਨ੍ਹਾਂ ਦਾ ਇਕ ਵੱਡਾ ਸਰੀਕ ਪੰਜਾਬ ਵਿਚ ਉਭਰ ਕੇ ਸਾਹਮਣੇ ਆ ਚੁੱਕਾ ਹੈ। ਉਨ੍ਹਾਂ ਪੰਜਾਬ ਤੇ ਭਾਰਤ ਸਰਕਾਰ ਵਲੋਂ ਪਾਰਟੀ ਦੀ ਬਣ ਰਹੀ ਚੜਤ ਨੂੰ ਵੇਖ ਕੇ ਘਬਰਾਹਟ ਵਿਚ ਆ ਕੇ ਪਾਰਟੀ ਆਗੂਆਂ ’ਤੇ ਦਰਜ ਕੀਤੇ ਮੁਕੱਦਮਿਆਂ ਦੀ ਨਿਖੇਧੀ ਕੀਤੀ ਤੇ ਚਿਤਾਵਨੀ ਦਿੱਤੀ ਕਿ ਦਰਜ ਮੁਕੱਦਮੇ ਰੱਦ ਕੀਤੇ ਜਾਣ, ਨਹੀਂ ’ਤੇ ਪਾਰਟੀ ਵੱਡਾ ਸੰਘਰਸ਼ ਵਿੱਢੇਗੀ।