02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਗੁਰੂ ਨਾਨਕ ਕਾਲਜ ਬਟਾਲਾ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ

Ad Position 21
No active advertisement
ਅਜੀਤ ਡੈਸਕ 01-08-2026
ਬਟਾਲਾ, 31 ਜੁਲਾਈ (ਸਤਿੰਦਰ ਸਿੰਘ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਸਰਪ੍ਰਸਤੀ, ਸਕੱਤਰ (ਵਿੱਦਿਆ) ਇੰਜੀਨੀਅਰ ਸੁਖਮਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਗੁਰੂ ਨਾਨਕ ਕਾਲਜ ਬਟਾਲਾ ਦੇ ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਪ੍ਰਬੰਧਕਾ ਨੇ ਦੱਸਿਆ ਕਿ ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਨੂੰ ਭਾਰਤ ਦੇ ਆਜ਼ਾਦੀ ਸੰਗਰਾਮ ਦੇ ਮਹਾਨ ਸ਼ਹੀਦਾਂ ਦੇ ਜੀਵਨ, ਸੰਘਰਸ਼ ਤੇ ਉੱਚ ਆਦਰਸ਼ਾਂ ਨਾਲ ਜੋੜਨਾ ਸੀ। ਇਸ ਮੌਕੇ ਡਾ. ਗੁਰਬੀਰ ਸਿੰਘ ਬਰਾੜ ਨੇ ਭਾਸ਼ਣ ਦੌਰਾਨ ਸ਼ਹੀਦ ਊਧਮ ਸਿੰਘ ਦੇ ਜੀਵਨ-ਸੰਘਰਸ਼ ਤੇ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਅਦੁੱਤੀ ਸਮਰਪਣ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ 13 ਅਪ੍ਰੈਲ 1919 ਦੇ ਜਲ੍ਹਿਆਂਵਾਲਾ ਬਾਗ਼ ਦੇ ਖੂਨੀ ਸਾਕੇ ਨੇ ਊਧਮ ਸਿੰਘ ਦੇ ਮਨ ’ਚ ਇਨਸਾਫ਼ ਦੀ ਅਜਿਹੀ ਜੋਤ ਜਗਾਈ, ਜਿਸ ਨੂੰ ਉਨ੍ਹਾਂ ਨੇ ਆਪਣੀ ਆਖ਼ਰੀ ਸਾਹ ਤੱਕ ਜਿਉਂਦਾ ਰੱਖਿਆ। ਉਨ੍ਹਾਂ ਨੇ ਲੰਡਨ ਦੇ ਕੈਕਸਟਨ ਹਾਲ ਵਿਚ ਮਾਈਕਲ ਓਡਵਾਇਰ ਨੂੰ ਗੋਲੀ ਮਾਰ ਕੇ ਹਜ਼ਾਰਾਂ ਬੇਗੁਨਾਹ ਸ਼ਹੀਦਾਂ ਦੇ ਖੂਨ ਦਾ ਪ੍ਰਤੀਕਾਤਮਕ ਇਨਸਾਫ਼ ਕੀਤਾ। ਡਾ. ਬਰਾੜ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਦੀ ਕੁਰਬਾਨੀ ਸਿਰਫ਼ ਇਕ ਵਿਅਕਤੀ ਦਾ ਬਦਲਾ ਨਹੀਂ ਸੀ, ਸਗੋਂ ਗੁਲਾਮ ਭਾਰਤ ਦੀ ਸਵੈਮਾਣ, ਨਿਆਂ ਅਤੇ ਆਜ਼ਾਦੀ ਦੀ ਲੜਾਈ ਦਾ ਇਤਿਹਾਸਕ ਐਲਾਨ ਸੀ। ਪ੍ਰਿੰਸੀਪਲ ਡਾ. ਚਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਕੌਮ ਦਾ ਭਵਿੱਖ ਉਸ ਵੇਲੇ ਹੀ ਰੌਸ਼ਨ ਹੁੰਦਾ ਹੈ, ਜਦੋਂ ਉਸ ਦੀ ਨਵੀਂ ਪੀੜ੍ਹੀ ਆਪਣੇ ਇਤਿਹਾਸ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਜੁੜੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਮਹਾਨ ਯੋਧਿਆਂ ਦੀ ਜ਼ਿੰਦਗੀ ਸਾਨੂੰ ਅਨਿਆਂ ਦੇ ਵਿਰੁੱਧ ਡਟ ਕੇ ਖੜ੍ਹਨ, ਸੱਚ ਦਾ ਸਾਥ ਦੇਣ ਤੇ ਮਨੁੱਖੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜੀਵਨ ’ਚ ਅਨੁਸ਼ਾਸਨ, ਮਿਹਨਤ, ਰਾਸ਼ਟਰ-ਪ੍ਰੇਮ ਤੇ ਸਮਾਜਿਕ ਜ਼ਿੰਮੇਵਾਰੀ ਨੂੰ ਅਪਨਾ ਕੇ ਇਕ ਚੰਗੇ ਨਾਗਰਿਕ ਬਣਨ। ਸਮਾਗਮ ਦੇ ਅੰਤ ’ਚ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਤੇ ਸਮਾਜ ਦੀ ਸੇਵਾ ਕਰਨ ਦਾ ਸੰਕਲਪ ਲਿਆ। ਇਸ ਮੌਕੇ ਡਾ. ਹਰਮੀਤ ਕੌਰ, ਪ੍ਰੋ. ਸਹਿਬਾਜਦੀਪ ਸਿੰਘ, ਪ੍ਰੋ. ਨਵਦੀਪ ਕੌਰ, ਪ੍ਰੋ. ਕੰਵਲਦੀਪ ਕੌਰ ਤੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਵਿਦਿਆਰਥੀ ਵੱਡੀ ਗਿਣਤੀ ’ਚ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 3 ਅਗਸਤ ਨੂੰ ਡੀ.ਸੀ ਦਫ਼ਤਰ ਧਰਨੇ ਦੀਆਂ ਤਿਆਰੀਆਂ ਲਈ ਮੀਟਿੰਗਾਂ ਦਾ ਸਿਲਸਿਲਾ ਜਾਰੀ ਅਗਲੀ ਖ਼ਬਰ ਡੇਂਗੂ ਦੇ ਲਾਰਵੇ ਤੋਂ ਬਚਣ ਲਈ ਵੱਖ-ਵੱਖ ਸਕੂਲਾਂ ’ਚ ਬੱਚਿਆਂ ਨੂੰ ਕੀਤਾ ਜਾਗਰੂਕ
Ad Position 24
No active advertisement