ਲੋਕਾਂ ਦੇ ਜਾਇਜ਼ ਕੰਮ ਪਹਿਲ ਦੇ ਆਧਾਰ ’ਤੇ ਹੱਲ ਕਰਵਾਉਣਾ ਮੇਰੀ ਪਹਿਲੀ ਤਰਜੀਹ-ਹਰਪ੍ਰੀਤ ਸਿੰਘ ਹੈਪੀ ਪੰਨੂੰ
ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐਮ. ਐਸ.
ਫ਼ਤਹਿਗੜ੍ਹ ਚੂੜੀਆਂ, 4 ਅਗਸਤ (ਐਮ.ਐਸ. ਫੁੱਲ)-ਪ੍ਰਸਿੱਧ ਸਮਾਜ ਸੇਵਕ ਹਰਪ੍ਰੀਤ ਸਿੰਘ ਹੈਪੀ ਪੰਨੂੰ ਕਾਲਾ ਅਫਗਾਨਾ ਨੇ ਕਿਹਾ ਕਿ ਸਮਾਜ ਸੇਵਾ ਦਾ ਅਸਲ ਮਕਸਦ ਲੋਕਾਂ ਦੀਆਂ ਜਾਇਜ਼ ਸਮੱਸਿਆਵਾਂ ਨੂੰ ਸੁਣਨਾ ਤੇ ਨਿਯਮਾਂ ਅਨੁਸਾਰ ਉਨ੍ਹਾਂ ਦੇ ਹੱਲ ਲਈ ਬਣਦਾ ਸਹਿਯੋਗ ਦੇਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਪਿੰਡ ਵਾਸੀ ਦਾ ਕੋਈ ਜਾਇਜ਼ ਸਰਕਾਰੀ ਕੰਮ ਬਿਨਾਂ ਵਾਜਬ ਕਾਰਨ ਲੰਬਿਤ ਪਿਆ ਹੈ ਜਾਂ ਉਸ ਨੂੰ ਸਰਕਾਰੀ ਦਫ਼ਤਰਾਂ ਵਿਚ ਬੇਲੋੜੀ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਉਹ ਬਿਨ੍ਹਾਂ ਕਿਸੇ ਝਿਜਕ ਦੇ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਹਰਪ੍ਰੀਤ ਸਿੰਘ ਹੈਪੀ ਪੰਨੂੰ ਨੇ ਕਿਹਾ ਕਿ ਆਮ ਲੋਕਾਂ ਨੂੰ ਕਈ ਵਾਰ ਸਰਕਾਰੀ ਦਫ਼ਤਰਾਂ ਵਿਚ ਆਪਣੇ ਕੰਮ ਕਰਵਾਉਣ ਦੌਰਾਨ ਜਾਣਕਾਰੀ ਦੀ ਘਾਟ, ਦਸਤਾਵੇਜ਼ੀ ਕਾਰਵਾਈ ਜਾਂ ਹੋਰ ਪ੍ਰਸ਼ਾਸਨਿਕ ਰੁਕਾਵਟਾਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ ਸਹੀ ਜਾਣਕਾਰੀ ਦੇਣਾ ਅਤੇ ਉਨ੍ਹਾਂ ਦੀ ਗੱਲ ਨੂੰ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਉਣਾ ਉਨ੍ਹਾਂ ਦੀ ਸਮਾਜ ਸੇਵਾ ਦਾ ਮੁੱਖ ਉਦੇਸ਼ ਹੈ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਹੱਕ ਪ੍ਰਾਪਤ ਹੋਣੇ ਚਾਹੀਦੇ ਹਨ ਅਤੇ ਇਸ ਲਈ ਉਹ ਪੂਰੀ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਹਰਪ੍ਰੀਤ ਸਿੰਘ ਹੈਪੀ ਪੰਨੂੰ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਸਰਕਾਰੀ ਵਿਭਾਗ ਨਾਲ ਸਬੰਧਤ ਆਪਣੇ ਜਾਇਜ਼ ਕੰਮ ਲਈ ਸਹਿਯੋਗ ਜਾਂ ਜਾਣਕਾਰੀ ਦੀ ਲੋੜ ਹੋਵੇ ਤਾਂ ਉਹ ਲੋੜੀਂਦੇ ਦਸਤਾਵੇਜ਼ਾਂ ਸਮੇਤ ਉਨ੍ਹਾਂ ਨਾਲ ਸੰਪਰਕ ਕਰਨ। ਉਨ੍ਹਾਂ ਭਰੋਸਾ ਦਿੱਤਾ ਕਿ ਹਰ ਬੇਨਤੀ ਨੂੰ ਗੰਭੀਰਤਾ ਨਾਲ ਸੁਣਿਆ ਜਾਵੇਗਾ ਅਤੇ ਲੋੜ ਦੇ ਅਨੁਸਾਰ ਬਣਦੀ ਸਹਾਇਤਾ ਕੀਤੀ ਜਾਵੇਗੀ।