ਹੜ੍ਹਾਂ ਨਾਲ ਨੁਕਸਾਨੀਆਂ ਸੜਕਾਂ, ਬਰਮਾਂ ਤੇ ਧੁੱਸੀ ਦੀ ਮੁਰੰਮਤ ਲਈ ਜਨਤਕ ਜਥੇਬੰਦੀਆਂ ਨੇ ਏ.ਡੀ.ਸੀ ਨੂੰ ਸੌਂਪਿਆ ਮੰਗ ਪੱਤਰ
ਗੁਰਦਾਸਪੁਰ, 17 ਅਗਸਤ (ਗੁਰਪ੍ਰਤਾਪ ਸਿੰਘ)-ਬੀਤੇ ਸਾਲ ਆਏ ਹੜ੍ਹਾਂ ਕਾਰਨ ਨੁਕਸਾਨੀਆਂ ਸੜਕਾਂ, ਬਰਮਾਂ ਅਤੇ ਧੁੱਸੀ ਬੰਨ੍ਹ ਦੀ ਫੌਰੀ ਮੁਰੰਮਤ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਏ. ਡੀ.
ਗੁਰਦਾਸਪੁਰ, 17 ਅਗਸਤ (ਗੁਰਪ੍ਰਤਾਪ ਸਿੰਘ)-ਬੀਤੇ ਸਾਲ ਆਏ ਹੜ੍ਹਾਂ ਕਾਰਨ ਨੁਕਸਾਨੀਆਂ ਸੜਕਾਂ, ਬਰਮਾਂ ਅਤੇ ਧੁੱਸੀ ਬੰਨ੍ਹ ਦੀ ਫੌਰੀ ਮੁਰੰਮਤ ਦੀ ਮੰਗ ਨੂੰ ਲੈ ਕੇ ਅੱਜ ਕਿਰਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਏ.ਡੀ.ਸੀ (ਜ) ਨਾਲ ਮੁਲਾਕਾਤ ਕੀਤੀ ਤੇ ਮੰਗ ਪੱਤਰ ਸੌਂਪਿਆ । ਇਸ ਵਫ਼ਦ ਵਿਚ ਕਿਰਤੀ ਕਿਸਾਨ ਯੂਨੀਅਨ ਤੋਂ ਇਲਾਵਾ ਪੰਜਾਬ ਸਟੂਡੈਂਟਸ ਯੂਨੀਅਨ, ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ ਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਜਾਣਕਾਰੀ ਦਿੰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਸਤਬੀਰ ਸਿੰਘ ਸੁਲਤਾਨੀ, ਜ਼ਿਲ੍ਹਾ ਪ੍ਰਧਾਨ ਤਰਲੋਕ ਸਿੰਘ ਬਹਿਰਾਮਪੁਰ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰੈਸ ਸਕੱਤਰ ਅਮਰ ਕ੍ਰਾਂਤੀ, ਆਈ.ਐਫ਼.ਟੀ.ਯੂ ਦੇ ਸੂਬਾ ਵਿੱਤ ਸਕੱਤਰ ਜੋਗਿੰਦਰ ਪਾਲ ਪਨਿਆੜ, ਜ਼ਿਲ੍ਹਾ ਪ੍ਰਧਾਨ ਸੁਖਦੇਵ ਰਾਜ ਬਹਿਰਾਮਪੁਰ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਮੇਜਰ ਸਿੰਘ ਕੋਟ ਟੋਡਰ ਮੱਲ ਨੇ ਦੱਸਿਆ ਕਿ ਅਗਸਤ 2025 ਦੇ ਹੜ੍ਹਾਂ ਕਾਰਨ ਸਰਹੱਦੀ ਖੇਤਰ ਦੀਆਂ ਸੜਕਾਂ ਦੇ ਬਰਮ ਰੁੜ੍ਹ ਗਏ ਸਨ ਤੇ ਰਾਵੀ ਦਰਿਆ ’ਤੇ ਧੁੱਸੀ ਬੰਨ੍ਹ ਟੁੱਟਣ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਸੀ। ਆਗੂਆਂ ਨੇ ਦੋਸ਼ ਲਗਾਇਆ ਕਿ ਇਕ ਸਾਲ ਬੀਤਣ ਦੇ ਬਾਵਜੂਦ ਸਰਹੱਦੀ ਖੇਤਰ ਦੀਆਂ ਮੁੱਖ ਸੜਕਾਂ ਦੀ ਹਾਲਤ ਅਜੇ ਵੀ ਤਰਸਯੋਗ ਬਣੀ ਹੋਈ ਹੈ। ਗੁਰਦਾਸਪੁਰ ਤੋਂ ਗਾਹਲੜੀ ਨੂੰ ਜਾਣ ਵਾਲੀ ਸੜਕ ਦੇ ਬਰਮਾਂ ’ਤੇ ਅਜੇ ਤੱਕ ਮਿੱਟੀ ਨਹੀਂ ਪਾਈ ਗਈ, ਗਾਹਲੜੀ-ਬਹਿਰਾਮਪੁਰ ਤੋਂ ਝਬਕਰਾ ਇਸ ਮਾਰਗ ਦੇ ਬਰਮਾਂ ਦੀ ਭਰਾਈ ਵੀ ਅਧੂਰੀ ਹੈ, ਜਿਸ ਕਰਕੇ ਹਰ ਵੇਲੇ ਹਾਦਸੇ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ । ਆਗੂਆਂ ਨੇ ਮੰਗ ਕੀਤੀ ਕਿ ਹੜ੍ਹ ਪ੍ਰਭਾਵਿਤ ਸੜਕਾਂ ਦੇ ਬਰਮਾਂ ਅਤੇ ਧੁੱਸੀ ਬੰਨ੍ਹ ਦੀ ਮਜ਼ਬੂਤ ਮੁਰੰਮਤ ਕੀਤੀ ਜਾਵੇ ਅਤੇ ਦੋਰਾਂਗਲਾ-ਗੁਰਦਾਸਪੁਰ ਰੋਡ ’ਤੇ ਬਣੇ ਨਾਲੇ ਦੇ ਪੁਲ ਦਾ ਲੈਵਲ ਠੀਕ ਕਰਕੇ ਤੁਰੰਤ ਪ੍ਰੀਮਿਕਸ ਪਾਇਆ ਜਾਵੇ । ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਖਜ਼ਾਨਚੀ ਅਜੀਤ ਸਿੰਘ ਮੱਲੀਆਂ ਤੇ ਇਫਟੂ ਦੇ ਦਫ਼ਤਰ ਸਕੱਤਰ ਜੋਗਿੰਦਰ ਪਾਲ ਘਰਾਲਾ ਸਮੇਤ ਹੋਰ ਆਗੂ ਤੇ ਵਰਕਰ ਹਾਜ਼ਰ ਰਹੇ ।