ਤੇਜ਼ ਮੀਂਹ ਕਾਰਨ ਡਿੱਗੀ ਟਾਹਲੀ ਨਾਲ ਕਾਰ ਹਾਦਸਾਗ੍ਰਸਤ
ਗੁਰਦਾਸਪੁਰ-ਕਾਹਨੂੰਵਾਨ ਰੋਡ ’ਤੇ ਲੱਗਾ ਜਾਮ
ਘੱਲੂਘਾਰਾ ਸਾਹਿਬ/ਕਾਹਨੂੰਵਾਨ, 19 ਅਗਸਤ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ)-ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਗੁਰਦਾਸਪੁਰ-ਕਾਹਨੂੰਵਾਨ ਰੋਡ ’ਤੇ ਪੈਂਦੇ ਪਿੰਡ ਸੁਲਤਾਨਪੁਰ ਦੇ ਸਾਹਮਣੇ ਵੱਡਾ ਹਾਦਸਾ ਵਾਪਰ ਗਿਆ। ਮੀਂਹ ਕਾਰਨ ਸੜਕ ’ਤੇ ਡਿੱਗੀ ਟਾਹਲੀ ਨਾਲ ਟਕਰਾ ਕੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਈ ਘੰਟੇ ਆਵਾਜਾਈ ਪ੍ਰਭਾਵਿਤ ਰਹੀ।
ਘੱਲੂਘਾਰਾ ਸਾਹਿਬ/ਕਾਹਨੂੰਵਾਨ, 19 ਅਗਸਤ (ਪਰਮ ਮਿਨਹਾਸ, ਨਿਸ਼ਾਨ ਸਿੰਘ ਚਾਹਲ)-ਬੀਤੇ ਦਿਨ ਤੋਂ ਲਗਾਤਾਰ ਪੈ ਰਹੇ ਤੇਜ਼ ਮੀਂਹ ਕਾਰਨ ਗੁਰਦਾਸਪੁਰ-ਕਾਹਨੂੰਵਾਨ ਰੋਡ ’ਤੇ ਪੈਂਦੇ ਪਿੰਡ ਸੁਲਤਾਨਪੁਰ ਦੇ ਸਾਹਮਣੇ ਵੱਡਾ ਹਾਦਸਾ ਵਾਪਰ ਗਿਆ। ਮੀਂਹ ਕਾਰਨ ਸੜਕ ’ਤੇ ਡਿੱਗੀ ਟਾਹਲੀ ਨਾਲ ਟਕਰਾ ਕੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਕਾਰਨ ਕਈ ਘੰਟੇ ਆਵਾਜਾਈ ਪ੍ਰਭਾਵਿਤ ਰਹੀ। ਜਾਣਕਾਰੀ ਅਨੁਸਾਰ ਪਿੰਡ ਕੋਟ ਯੋਗਰਾਜ ਦਾ ਰਹਿਣ ਵਾਲਾ ਪ੍ਰਭਜੋਤ ਸਿੰਘ ਪੁੱਤਰ ਸੁਖਦੇਵ ਸਿੰਘ ਸਵੇਰੇ ਗੁਰਦਾਸਪੁਰ ਤੋਂ ਆਪਣੇ ਪਿੰਡ ਵੱਲ ਗੱਡੀ ਨੰਬਰ ਪੀਬੀ06ਏਐੱਫ5121 ’ਤੇ ਵਾਪਸ ਪਰਤ ਰਿਹਾ ਸੀ। ਜਦੋਂ ਉਹ ਸੁਲਤਾਨਪੁਰ ਪਿੰਡ ਦੇ ਸਾਹਮਣੇ ਪਹੁੰਚਿਆ ਤਾਂ ਤੇਜ਼ ਮੀਂਹ ਅਤੇ ਘੱਟ ਦਿੱਖ ਕਾਰਨ ਉਸ ਨੂੰ ਸੜਕ ’ਤੇ ਡਿੱਗੀ ਟਾਹਲੀ ਨਜ਼ਰ ਨਹੀਂ ਆਈ। ਕਾਰ ਤੇਜ਼ ਰਫ਼ਤਾਰ ਨਾਲ ਟਾਹਲੀ ਦੇ ਹੇਠਾਂ ਵੜ ਗਈ ਅਤੇ ਕਾਰ ਦਾ ਅਗਲਾ ਹਿੱਸਾ ਅਤੇ ਛੱਤ ਪੂਰੀ ਤਰ੍ਹਾਂ ਕੁਚਲੀ ਗਈ। ਹਾਦਸੇ ’ਚ ਪ੍ਰਭਜੋਤ ਸਿੰਘ ਸੁਰੱਖਿਅਤ ਹੈ ਤੇ ਉਸ ਨੂੰ ਕੋਈ ਗੰਭੀਰ ਸੱਟ ਨਹੀਂ ਆਈ। ਇਸ ਦੌਰਾਨ ਨਜ਼ਦੀਕੀ ਪਿੰਡ ਸੁਲਤਾਨਪੁਰ ਦੇ ਵਸਨੀਕਾਂ ਨੇ ਆਰੇ ਨਾਲ ਟਾਹਲੀ ਨੂੰ ਕੱਟ ਕੇ ਸੜਕ ਤੋਂ ਹਟਾਇਆ, ਜਿਸ ਤੋਂ ਬਾਅਦ ਆਵਾਜਾਈ ਬਹਾਲ ਹੋ ਸਕੀ। ਹਾਦਸੇ ਦੀ ਸੂਚਨਾ ਮਿਲਦੇ ਹੀ ਲੋਕਾਂ ਦੀ ਭੀੜ ਇਕੱਠੀ ਹੋ ਗਈ। ਹਾਦਸੇ ਕਾਰਨ ਗੁਰਦਾਸਪੁਰ-ਕਾਹਨੂੰਵਾਨ ਰੋਡ ’ਤੇ ਲੰਬਾ ਜਾਮ ਲੱਗ ਗਿਆ। ਸਵੇਰੇ ਸਕੂਲ ਸਮਾਂ ਹੋਣ ਕਾਰਨ ਨਜ਼ਦੀਕੀ ਸਕੂਲਾਂ ਦੇ ਬੱਚਿਆਂ ਅਤੇ ਮਾਪਿਆਂ ਦੀਆਂ ਗੱਡੀਆਂ ਵੀ ਜਾਮ ’ਚ ਫਸ ਗਈਆਂ। ਮੌਕੇ ’ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਅਭੇਕ ਕੁਮਾਰ ਨੇ ਸਥਿਤੀ ਨੂੰ ਸੰਭਾਲਦੇ ਹੋਏ ਟਰੈਫਿਕ ਨੂੰ ਕੰਟਰੋਲ ਕੀਤਾ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੀਂਹ ਦੇ ਮੌਸਮ ਨੂੰ ਦੇਖਦੇ ਹੋਏ ਸੜਕਾਂ ਦੇ ਕਿਨਾਰੇ ਖੜ੍ਹੇ ਖਤਰਨਾਕ ਦਰੱਖਤਾਂ ਦੀ ਸਮੇਂ ਸਿਰ ਛਗਾਈ ਕੀਤੀ ਜਾਵੇ।