ਸਿਮਰਨਜੀਤ ਸਿੰਘ ਮਾਨ ਵਲੋਂ ਜਥੇ. ਹਵਾਰਾ ਨੂੰ ਬਿਮਾਰ ਮਾਤਾ ਨਾਲ ਮਿਲਣ ਦੀ ਪੈਰੋਲ ਨਾ ਦੇਣਾ ਸਿੱਖ ਵਿਰੋਧੀ ਸਾਜਿਸ਼ ਕਰਾਰ
ਫਤਹਿਗੜ੍ਹ ਚੂੜੀਆਂ, 29 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਮੇ ਸਮੇਂ ਤੋਂ ਜੇਲ ਵਿਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਦੇਣਾ ਇਕ ਸਿੱਖ ਵਿਰੋਧੀ ਸਾਜਿਸ਼ ਹੈ। ਇਸ ਤੋਂ ਇਲਾਵਾ ਪਿਛਲੇ ਕਈ ਦਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਬੇਹੱਦ ਮੰਦਭਾਗਾ ਹੈ।
ਫਤਹਿਗੜ੍ਹ ਚੂੜੀਆਂ, 29 ਅਗਸਤ (ਅਵਤਾਰ ਸਿੰਘ ਰੰਧਾਵਾ)-ਪਿਛਲੇ ਲੰਮੇ ਸਮੇਂ ਤੋਂ ਜੇਲ ਵਿਚ ਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਉਨ੍ਹਾਂ ਦੀ ਬਿਮਾਰ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਦੇਣਾ ਇਕ ਸਿੱਖ ਵਿਰੋਧੀ ਸਾਜਿਸ਼ ਹੈ। ਇਸ ਤੋਂ ਇਲਾਵਾ ਪਿਛਲੇ ਕਈ ਦਹਾਕਿਆਂ ਤੋਂ ਬੰਦੀ ਸਿੰਘ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਰਿਹਾਅ ਨਾ ਕਰਨਾ ਬੇਹੱਦ ਮੰਦਭਾਗਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਿੰਡ ਕਾਲਾ ਅਫਗਾਨਾ ਵਿਖੇ ਹਲਕਾ ਇੰਚਾਰਜ ਜਥੇਦਾਰ ਗੁਰਬਿੰਦਰ ਸਿੰਘ ਜੌਲੀ ਦੇ ਗ੍ਰਹਿ ਵਿਖੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਕੀਤਾ। ਉਨ੍ਹਾਂ ਕਿਹਾ ਕਿ ਰਾਮ ਰਹੀਮ ਵਰਗੇ ਬਲਾਤਕਾਰੀਆਂ ਅਤੇ ਜਬਰ ਜਨਾਹ ਕਰਨ ਵਾਲਿਆਂ ਨੂੰ ਬਾਰ-ਬਾਰ ਦਿੱਤੀ ਜਾ ਰਹੀ ਪੈਰੋਲ ਕਾਰਨ ਕਈ ਤਰ੍ਹਾਂ ਦੇ ਕਾਨੂੰਨ ਵਿਰੋਧੀ ਪ੍ਰਸ਼ਨ ਚਿੰਨ੍ਹ ਉੱਠ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਜਗਤਾਰ ਸਿੰਘ ਹਵਾਰਾ ਦੇ ਮਾਤਾ ਜੀ ਜੋ ਬਿਮਾਰ ਚਲਦੇ ਆ ਰਹੇ ਹਨ, ਜੋ ਬੇਸੁਰਤੀ ਦੀ ਹਾਲਤ ਵਿਚ ਉਮਰ ਦੇ ਆਖਰੀ ਪੜਾਅ ਵਿਚ ਆਪਣੇ ਪੁੱਤਰ ਜਗਤਾਰ ਸਿੰਘ ਹਵਾਰਾ ਨੂੰ ਮਿਲਣ ਦੀ ਚਾਹਤ ਰੱਖਦੇ ਆਏ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਇਨਸਾਨੀਅਤ ਨਾਤੇ ਵੀ ਜਿਉਂਦੇ ਜੀਅ ਆਪਣੀ ਮਾਤਾ ਨੂੰ ਮਿਲਣ ਲਈ ਪੈਰੋਲ ਨਾ ਦੇਣਾ ਅਣਮਨੁੱਖੀ ਵਰਤਾਰਾ ਹੈ। ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੂੰ ਮਿਲਾਉਣ ਲਈ ਉਹ ਵੱਡਾ ਕਦਮ ਚੁੱਕ ਰਹੇ ਹਨ ਅਤੇ ਉਹ ਜਗਤਾਰ ਸਿੰਘ ਹਵਾਰਾ ਦੀ ਮਾਤਾ ਨੂੰ ਮਿਲਾ ਕੇ ਹੀ ਸਾਹ ਲੈਣਗੇ। ਉਨ੍ਹਾਂ ਨੇ ਸਮੁੱਚੀ ਸਿੱਖ ਕੌਮ ਨੂੰ ਸੁਨੇਹਾ ਦਿੰਦਿਆਂ ਕਿਹਾ ਕਿ ਹੋਰ ਵੀ ਜੋ ਬੰਦੀ ਸਿੰਘ ਬਣਦੀਆਂ ਸਜਾਵਾਂ ਕੱਟ ਕੇ ਜੇਲਾਂ ਅੰਦਰ ਆਪਣੀ ਲਮੇਰੀ ਉਮਰ ਹੰਡਾ ਚੁੱਕੇ ਹਨ, ਉਨ੍ਹਾਂ ਨੂੰ ਰਿਹਾਅ ਕਰਾਉਣ ਲਈ ਇਕਜੁੱਟਤਾ ਕਾਇਮ ਕਰ ਕੇ ਸਾਂਝਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿੱਖ ਕੌਮ ਸ਼ੇਰਾਂ ਦੀ ਕੌਮ ਹੈ, ਜਿਸ ਨੂੰ ਹਮੇਸ਼ਾ ਜਲੀਲ ਕਰਨ ਦੀਆਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਨੇ, ਪਰ ਯਾਦ ਰਹੇ ਜੇਕਰ ਸਿੱਖ ਕੌਮ ਨੇ ਸਾਂਝੇ ਰੂਪ ਵਿਚ ਦਹਾੜ ਮਾਰੀ ਤਾਂ ਫਿਰ ਸਿੱਖ ਵਿਰੋਧੀ ਧਿਰਾਂ ਨੂੰ ਬੱਕਰੀਆਂ ਦੇ ਇੱਜੜ ਵਾਂਗ ਭੱਜਦਿਆਂ ਰਾਹ ਨਹੀਂ ਲੱਭਣਾ। ਉਨ੍ਹਾਂ ਅਪੀਲ ਕੀਤੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਫੌਰਨ ਬਿਮਾਰ ਮਾਤਾ ਜੀ ਨੂੰ ਮਿਲਣ ਲਈ ਲੰਬੀ ਪੈਰੋਲ ਦਿੱਤੀ ਜਾਵੇ, ਜੇਕਰ ਸਮਾਂ ਲੰਘ ਗਿਆ ਤਾਂ ਸਿੱਖ ਕੌਮ ਦੇ ਮਨਾਂ ਵਿਚ ਇਹ ਰੋਸ ਹਮੇਸ਼ਾ ਰਿਸਦਾ ਹੀ ਰਹੇਗਾ।