ਸੇਂਟ ਕਬੀਰ ਸਕੂਲ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਬਹੁਤ ਹੀ ਦਿਲ ਖਿੱਚਵੇਂ ਅੰਦਾਜ਼ ਵਿਚ ਮਨਾਇਆ। ਇਸ ਮੌਕੇ ਪ੍ਰਿੰਸੀਪਲ ਐੱਸ.
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਵਿਖੇ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਬਹੁਤ ਹੀ ਦਿਲ ਖਿੱਚਵੇਂ ਅੰਦਾਜ਼ ਵਿਚ ਮਨਾਇਆ। ਇਸ ਮੌਕੇ ਪ੍ਰਿੰਸੀਪਲ ਐੱਸ.ਬੀ. ਨਾਯਰ ਦੀ ਸਰਪ੍ਰਸਤੀ ਅਧੀਨ ਪ੍ਰੋਗਰਾਮ ਕਰਵਾਇਆ ਗਿਆ, ਜਿਸ ਦੀ ਸ਼ੁਰੂਆਤ ਸਕੂਲੀ ਅਧਿਆਪਕ ਨਿਸ਼ਾ ਸੱਘੜ ਤੇ ਰਵਿੰਦਰ ਕੌਰ ਸੈਣੀ ਦੁਆਰਾ ਸ਼ਬਦ ਗਾਇਨ ਕਰਦਿਆਂ ਕੀਤੀ ਗਈ। ਇਸ ਉਪਰੰਤ 11ਵੀਂ ਅਤੇ 12ਵੀਂ ਜਮਾਤ ਦੇ ਸਕੂਲੀ ਵਿਦਿਆਰਥੀਆਂ ਦੁਆਰਾ ਵਿਸ਼ਵ ਪੰਜਾਬੀ ਦਿਵਸ ਦੀ ਮਹੱਤਤਾ ਨਾਲ ਸੰਬੰਧਿਤ ਵਿਚਾਰ ਸਾਂਝੇ ਕੀਤੇ ਗਏ। 7ਵੀਂ ਤੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਪੰਜਾਬੀ ਰੰਗਤ ਨਾਲ ਭਰੀਆਂ ਕਵਿਤਾਵਾਂ ਦੀ ਪੇਸ਼ਕਾਰੀ ਕਰਕੇ ਪੰਜਾਬੀ ਜ਼ਬਾਨ ਨੂੰ ਸ਼ਿਖ਼ਰਾਂ ’ਤੇ ਪਹੁੰਚਾਇਆ। ਪੰਜਾਬੀ ਵਿਭਾਗ ਦੇ ਅਧਿਆਪਕਾ ਕਰਮਜੀਤ ਕੌਰ ਦੁਆਰਾ ਪੰਜਾਬੀ ਲਿਪੀ ਦੀ ਅਹਿਮੀਅਤ ਬਾਰੇ ਦੱਸਿਆ ਗਿਆ। ਸਕੂਲ ਦੇ ਕਾਰਜ ਵਿਧੀ ਬੋਰਡ ਨੂੰ ਪੰਜਾਬੀ ਮੁਹਾਰਨੀ ਤੇ ਵਰਨਾਂ ਨਾਲ ਸ਼ਿੰਗਾਰਿਆ ਗਿਆ। ਵਿਦਿਆਰਥੀਆਂ ਨੇ ਬਾਬਾ ਫ਼ਰੀਦ, ਬੁੱਲੇ ਸ਼ਾਹ ਤੇ ਵਾਰਿਸ ਸ਼ਾਹ ਦੀਆਂ ਸ਼ਾਇਰੀਆਂ ਨੂੰ ਸੰਗੀਤਕ ਧੁਨਾਂ ਤੇ ਗਾ ਕੇ ਮਾਹੌਲ ਵਿਚ ਸੂਫ਼ੀਆਨਾ ਝਲਕ ਭਰੀ। ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਨੇ ਪੰਜਾਬੀ ਭਾਸ਼ਾ ਦੀ ਮਹੱਤਤਾ ਸਬੰਧੀ ਚਾਰਟ ਬਣਾ ਕੇ ਪੰਜਾਬੀ ਭਾਸ਼ਾ ਦੀ ਖੂਬਸੂਰਤੀ ਨੂੰ ਪੇਸ਼ ਕੀਤਾ ਅਤੇ ਪੰਜਾਬੀ ਭਾਸ਼ਾ ਵਿੱਚ ਹੀ ਦਸਤਖ਼ਤ ਕੀਤੇ। ਇਸ ਮੌਕੇ ਸਾਰਿਆਂ ਨੇ ਸ਼ੁੱਧ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਦਾ ਪ੍ਰਣ ਲਿਆ। ਪੰਜਾਬੀ ਦਿਵਸ ਮੌਕੇ ਹਰ ਪੰਜਾਬੀ ਨੂੰ ਆਪਣੀ ਮਾਤ ਭਾਸ਼ਾ ਸਬੰਧੀ ਸਾਰੀਆਂ ਉਲਝਣਾਂ ਨੂੰ ਦੂਰ ਕਰਨ ਤੇ ਮਾਂ ਬੋਲੀ ਦਾ ਸਤਿਕਾਰ ਕਰਨ ਲਈ ਕਿਹਾ ਗਿਆ। ਇਸ ਮੌਕੇ ਪ੍ਰਿੰਸੀਪਲ, ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਦੁਆਰਾ ਸਮੁੱਚੇ ਸਕੂਲ ਨੂੰ ਵਿਸ਼ਵ ਪੰਜਾਬੀ ਦਿਵਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਕਿਰਨ ਬਾਲਾ, ਮੈਡਮ ਰਣਜੀਤ ਕੌਰ ਸਮੇਤ ਸਟਾਫ਼ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।