ਆਜ਼ਾਦੀ ਦੇ ਕਈ ਦਹਾਕੇ ਲੰਘਣ ਤੋਂ ਬਾਅਦ ਵੀ ਗੁਰਦਾਸਪੁਰ ਵਿਕਾਸ ’ਚ ਪੱਛੜਿਆ ਕਿਉਂ ?
ਗੁਰਦਾਸਪੁਰ, 24 ਸਤੰਬਰ (ਗੁਰਪ੍ਰਤਾਪ ਸਿੰਘ)-ਦੇਸ਼ ਨੂੰ ਆਜ਼ਾਦ ਹੋਇਆਂ ਸਾਢੇ 7 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਤੇ ਅਮੀਰ ਇਤਿਹਾਸਕ ਵਿਰਸਾ ਸੰਭਾਲੀ ਬੈਠਾ ਜ਼ਿਲ੍ਹਾ ਗੁਰਦਾਸਪੁਰ ਅੱਜ ਵੀ ਵਿਕਾਸ ਦੀ ਦੌੜ ’ਚ ਪੱਛੜਿਆ ਹੋਇਆ ਪ੍ਰਤੀਤ ਹੁੰਦਾ ਹੈ । ਰਾਜਨੀਤਿਕ ਦਾਅਵਿਆਂ ਤੇ ਸਰਕਾਰੀ ਅਣਦੇਖੀ ਦੇ ਵਿਚਕਾਰ ਪਿਸ ਰਹੇ ਇਸ ਜ਼ਿਲ੍ਹੇ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ, ਉਦਯੋਗਿਕ ਕ੍ਰਾਂਤੀ ਤੇ ਵੱਡੇ ਰੁਜ਼ਗਾਰ ਪ੍ਰੋਜੈਕਟਾਂ ਦੀ ਉਡੀਕ ਕਰ ਰਹੇ ਹਨ ।
ਗੁਰਦਾਸਪੁਰ, 24 ਸਤੰਬਰ (ਗੁਰਪ੍ਰਤਾਪ ਸਿੰਘ)-ਦੇਸ਼ ਨੂੰ ਆਜ਼ਾਦ ਹੋਇਆਂ ਸਾਢੇ 7 ਦਹਾਕਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ, ਪਰ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲਾ ਤੇ ਅਮੀਰ ਇਤਿਹਾਸਕ ਵਿਰਸਾ ਸੰਭਾਲੀ ਬੈਠਾ ਜ਼ਿਲ੍ਹਾ ਗੁਰਦਾਸਪੁਰ ਅੱਜ ਵੀ ਵਿਕਾਸ ਦੀ ਦੌੜ ’ਚ ਪੱਛੜਿਆ ਹੋਇਆ ਪ੍ਰਤੀਤ ਹੁੰਦਾ ਹੈ । ਰਾਜਨੀਤਿਕ ਦਾਅਵਿਆਂ ਤੇ ਸਰਕਾਰੀ ਅਣਦੇਖੀ ਦੇ ਵਿਚਕਾਰ ਪਿਸ ਰਹੇ ਇਸ ਜ਼ਿਲ੍ਹੇ ਦੇ ਲੋਕ ਅੱਜ ਵੀ ਬੁਨਿਆਦੀ ਸਹੂਲਤਾਂ, ਉਦਯੋਗਿਕ ਕ੍ਰਾਂਤੀ ਤੇ ਵੱਡੇ ਰੁਜ਼ਗਾਰ ਪ੍ਰੋਜੈਕਟਾਂ ਦੀ ਉਡੀਕ ਕਰ ਰਹੇ ਹਨ । ਗੁਰਦਾਸਪੁਰ ਦੇ ਪੱਛੜੇਪਣ ਦਾ ਸਭ ਤੋਂ ਵੱਡਾ ਕਾਰਨ ਇਸ ਦੀ ਭੂਗੋਲਿਕ ਸਥਿਤੀ ਤੇ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਹੋਣਾ ਮੰਨਿਆ ਜਾਂਦਾ ਹੈ । ਆਜ਼ਾਦੀ ਤੋਂ ਬਾਅਦ ਸਰਹੱਦੀ ਖੇਤਰ ਹੋਣ ਦੇ ਨਾਂਅ ‘ਤੇ ਇੱਥੇ ਕੋਈ ਵੀ ਵੱਡਾ ਉਦਯੋਗ ਜਾਂ ਪ੍ਰੋਜੈਕਟ ਲਿਆਉਣ ਤੋਂ ਕੇਂਦਰ ਤੇ ਸੂਬਾ ਸਰਕਾਰਾਂ ਨੇ ਹਮੇਸ਼ਾ ਦੂਰੀ ਬਣਾਈ ਰੱਖੀ । ਕਿਸੇ ਸਮੇਂ ਏਸ਼ੀਆ ਭਰ ਵਿਚ ਮਸ਼ੀਨਰੀ ਤੇ ਫਾਊਂਡਰੀ ਉਦਯੋਗ ਲਈ ਜਾਣਿਆ ਜਾਂਦਾ ਬਟਾਲਾ ਸ਼ਹਿਰ ਅੱਜ ਸਰਕਾਰੀ ਬੇਰੁਖ਼ੀ, ਮਹਿੰਗੀ ਬਿਜਲੀ ਤੇ ਕੱਚੇ ਮਾਲ ਦੀਆਂ ਵਧਦੀਆਂ ਕੀਮਤਾਂ ਕਾਰਨ ਅੰਤਿਮ ਸਾਹ ਗਿਣ ਰਿਹਾ ਹੈ । ਇਸੇ ਤਰ੍ਹਾਂ ਧਾਰੀਵਾਲ ਦੀ ਇਤਿਹਾਸਕ ਉੱਨੀ ਮਿੱਲ ਦਾ ਬੰਦ ਹੋਣਾ ਇਸ ਇਲਾਕੇ ਦੇ ਆਰਥਿਕ ਢਾਂਚੇ ਲਈ ਇਕ ਵੱਡਾ ਝਟਕਾ ਸਾਬਿਤ ਹੋਇਆ । ਖੇਤੀਬਾੜੀ ਦੇ ਖੇਤਰ ’ਚ ਵੀ ਇਹ ਜ਼ਿਲ੍ਹਾ ਹਰ ਸਾਲ ਰਾਵੀ ਅਤੇ ਬਿਆਸ ਦਰਿਆਵਾਂ ਵਿਚ ਆਉਂਦੇ ਹੜ੍ਹਾਂ ਦੀ ਮਾਰ ਝੱਲਦਾ ਹੈ, ਜਿਸ ਨਾਲ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫਸਲਾਂ ਅਤੇ ਜ਼ਮੀਨਾਂ ਰੁੜ੍ਹ ਜਾਂਦੀਆਂ ਹਨ । ਇਸ ਕੁਦਰਤੀ ਤੇ ਪ੍ਰਸ਼ਾਸਨਿਕ ਆਫ਼ਤ ਦਾ ਕੋਈ ਪੱਕਾ ਹੱਲ ਨਾ ਕੱਢੇ ਜਾਣ ਕਾਰਨ ਅੰਨਦਾਤਾ ਲਗਾਤਾਰ ਕਰਜ਼ੇ ਹੇਠ ਦੱਬਦਾ ਜਾ ਰਿਹਾ ਹੈ । ਸਿਹਤ ਤੇ ਸਿੱਖਿਆ ਦੇ ਖੇਤਰ ਵਿਚ ਵੀ ਗੰਭੀਰ ਖਾਮੀਆਂ ਹਨ । ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ, ਪੈਰਾ-ਮੈਡੀਕਲ ਸਟਾਫ਼ ਅਤੇ ਆਧੁਨਿਕ ਮਸ਼ੀਨਰੀ ਦੀ ਘਾਟ ਕਾਰਨ ਗੰਭੀਰ ਮਰੀਜ਼ਾਂ ਨੂੰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਚੰਡੀਗੜ੍ਹ ਜਾਂ ਨਿੱਜੀ ਹਸਪਤਾਲਾਂ ਵੱਲ ਰੁੱਖ ਕਰਨਾ ਪੈਂਦਾ ਹੈ । ਉੱਚ ਸਿੱਖਿਆ ਤੇ ਰੁਜ਼ਗਾਰ ਦੇ ਠੋਸ ਵਸੀਲੇ ਨਾ ਹੋਣ ਕਰਕੇ ਇਲਾਕੇ ਦੀ ਜਵਾਨੀ ਨਸ਼ਿਆਂ ਦੀ ਦਲਦਲ ਵਿਚ ਫਸ ਰਹੀ ਹੈ ਜਾਂ ਵਿਦੇਸ਼ਾਂ ਵੱਲ ਕੂਚ ਕਰਨ ਲਈ ਮਜ਼ਬੂਰ ਹੈ। ਇਸ ਤੋਂ ਇਲਾਵਾ ਨਿਯੋਜਿਤ ਸ਼ਹਿਰੀ ਵਿਕਾਸ ਦੀ ਘਾਟ ਨੇ ਆਮ ਲੋਕਾਂ ਦਾ ਜੀਵਨ ਅਸੁਖਾਵਾਂ ਬਣਾ ਦਿੱਤਾ ਹੈ । ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਹਰ ਰਾਜਨੀਤਿਕ ਪਾਰਟੀ ਵੱਡੇ-ਵੱਡੇ ਵਾਅਦੇ ਕਰਦੀ ਹੈ, ਪਰ ਚੋਣਾਂ ਲੰਘਦਿਆਂ ਹੀ ਗੁਰਦਾਸਪੁਰ ਨੂੰ ਮੁੜ ਆਪਣੇ ਹਾਲ ’ਤੇ ਛੱਡ ਦਿੱਤਾ ਜਾਂਦਾ ਹੈ । ਇਲਾਕੇ ਦੇ ਬੁੱਧੀਜੀਵੀਆਂ ਅਨੁਸਾਰ ਜਦੋਂ ਤੱਕ ਸਰਹੱਦੀ ਖੇਤਰ ਲਈ ਵਿਸ਼ੇਸ਼ ਆਰਥਿਕ ਪੈਕੇਜ ਤੇ ਠੋਸ ਰਾਜਨੀਤਿਕ ਇੱਛਾ-ਸ਼ਕਤੀ ਨਾਲ ਵਿਕਾਸ ਦੀ ਯੋਜਨਾਬੰਦੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਗੁਰਦਾਸਪੁਰ ਦੀ ਇਹ ਤਸਵੀਰ ਬਦਲਣੀ ਮੁਸ਼ਕਿਲ ਹੈ ।