ਭੋਗ ’ਤੇ ਵਿਸ਼ੇਸ਼:- ਸਵ: ਸੁਖਵਿੰਦਰ ਸਿੰਘ ਗੁਰਾਇਆ
ਬਟਾਲਾ-ਸ: ਸੁਖਵਿੰਦਰ ਸਿੰਘ ਜੀ ਗੁਰਾਇਆ ਦਾ ਜਨਮ ਪਿਤਾ ਗੁਰਦੇਵ ਸਿੰਘ (ਇੰਸਪੈਕਟਰ ਇਨਕਮ ਟੈਕਸ ਵਿਭਾਗ) ਅਤੇ ਮਾਤਾ ਸਰਦਾਰਨੀ ਦਵਿੰਦਰ ਕੌਰ ਜੀ ਦੇ ਗ੍ਰਹਿ ਨਾਨਕੇ ਪਿੰਡ ਕਾਲੇ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ 25 ਮਈ 1958 ਨੂੰ ਹੋਇਆ। ਉਨ੍ਹਾਂ ਆਪਣਾ ਬਚਪਨ ਪਿੰਡ ਕਾਲੇ ਨੰਗਲ ਵਿਚ ਬਿਤਾਇਆ।
ਬਟਾਲਾ-ਸ: ਸੁਖਵਿੰਦਰ ਸਿੰਘ ਜੀ ਗੁਰਾਇਆ ਦਾ ਜਨਮ ਪਿਤਾ ਗੁਰਦੇਵ ਸਿੰਘ (ਇੰਸਪੈਕਟਰ ਇਨਕਮ ਟੈਕਸ ਵਿਭਾਗ) ਅਤੇ ਮਾਤਾ ਸਰਦਾਰਨੀ ਦਵਿੰਦਰ ਕੌਰ ਜੀ ਦੇ ਗ੍ਰਹਿ ਨਾਨਕੇ ਪਿੰਡ ਕਾਲੇ ਨੰਗਲ ਜ਼ਿਲ੍ਹਾ ਗੁਰਦਾਸਪੁਰ ਵਿਖੇ 25 ਮਈ 1958 ਨੂੰ ਹੋਇਆ। ਉਨ੍ਹਾਂ ਆਪਣਾ ਬਚਪਨ ਪਿੰਡ ਕਾਲੇ ਨੰਗਲ ਵਿਚ ਬਿਤਾਇਆ। ਉਨ੍ਹਾਂ ਮੁਢਲੀ ਸਿੱਖਿਆ ਵੀ ਕਾਲੇ ਨੰਗਲ ਸਕੂਲ ਤੋਂ ਤੇ ਉੱਚ ਵਿਦਿਆ ਗੁਰਦਾਸਪੁਰ ਦੇ ਨਾਮਵਰ ਸਕੂਲ ਤੋਂ ਪ੍ਰਾਪਤ ਕੀਤੀ। ਸੁਖਵਿੰਦਰ ਸਿੰਘ ਗੁਰਾਇਆ ਆਪਣੇ ਮਾਪਿਆਂ ਦੀਆਂ ਚਾਰ ਸੰਤਾਨਾਂ ਵਿਚ ਦੂਸਰੇ ਨੰਬਰ ’ਤੇ ਸਨ। ਇਨ੍ਹਾਂ ਦਾ ਇਕ ਛੋਟਾ ਭਰਾ ਅਤੇ ਇਕ ਛੋਟੀ ਭੈਣ ਆਪਣੇ ਪਰਿਵਾਰ ਸਮੇਤ ਸੁਖਾਲਾ ਜੀਵਨ ਬਤੀਤ ਕਰ ਰਹੇ ਹਨ। ਸ: ਸੁਖਵਿੰਦਰ ਸਿੰਘ ਗੁਰਾਇਆ ਦੀ ਸ਼ਾਦੀ 5 ਅਪ੍ਰੈਲ 1981 ਵਿਚ ਸ੍ਰੀਮਤੀ ਕੁਲਵਿੰਦਰ ਕੌਰ ਨਾਲ ਹੋਈ। ਸ: ਗੁਰਾਇਆ ਦੇ ਦੋ ਬੱਚੇ ਇਕ ਧੀ ਤੇ ਇਕ ਪੁੱਤਰ ਹਨ, ਜਿਨ੍ਹਾਂ ਨੂੰ ਪਿਆਰ, ਸੁਨੇਹ, ਉੱਚ ਵਿੱਦਿਆ ਅਤੇ ਚੰਗੇ ਸੰਸਕਾਰਾਂ ਨਾਲ ਪਾਲਿਆ। ਅੱਜ ਉਨ੍ਹਾਂ ਦੇ ਦੋਨੋਂ ਹੀ ਬੱਚੇ ਆਪਣੇ ਜੀਵਨ ਸਾਥੀਆਂ ਸਮੇਤ ਵੱਖ-ਵੱਖ ਖੇਤਰਾਂ ਵਿਚ ਤਰੱਕੀ ਕਰਦੇ ਹੋਏ ਆਪਣੇ ਮਾਤਾ-ਪਿਤਾ ਦਾ ਨਾਂਅ ਰੌਸ਼ਨ ਕਰ ਰਹੇ ਹਨ। ਸੁਖਵਿੰਦਰ ਸਿੰਘ ਗੁਰਾਇਆ ਨੇ ਸੰਨ 1978 ਵਿਚ ਪੱਤਰਕਾਰੀ ਦੇ ਖੇਤਰ ਵਿਚ ਆਪਣਾ ਸਫ਼ਰ ਸ਼ੁਰੂ ਕੀਤਾ ਅਤੇ ਉਹ ਸਟੇਸ਼ਨ ਬਟਾਲਾ, ਨੌਸ਼ਹਿਰਾ ਮੱਝਾ ਸਿੰਘ ਤੋਂ ਇਲਾਵਾ ਘੁਮਾਣ, ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਇਲਾਕਿਆਂ ਤੋਂ ਬਤੌਰ ਪ੍ਰੈੱਸ ਰਿਪੋਰਟ ਸੇਵਾਵਾਂ ਨਿਭਾਉਂਦੇ ਰਹੇ। ਉਨ੍ਹਾਂ ਨੂੰ ਲਿਖਣ ਦਾ ਬਹੁਤ ਸ਼ੌਕ ਸੀ ਅਤੇ ਕਲਮ ਦੇ ਧਨੀ ਸਨ। ਉਨ੍ਹਾਂ ਕਲਮ ਨਾਲ ਲੋਕਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਦੇ ਹੱਲ ਕਰਵਾਏ। ਸ: ਗੁਰਾਇਆ ਨੇ ਅਦਾਰਾ ‘ਅਜੀਤ’, ਜਗ ਬਾਣੀ, ਸਪੋਕਸਮੈਨ, ਚੜ੍ਹਦੀ ਕਲਾ, ਟ੍ਰਿਬਿਊਨ ਵਰਗੇ ਪੰਜਾਬੀ ਦੇ ਪ੍ਰਮੁੱਖ ਅਖ਼ਬਾਰਾਂ ਨਾਲ ਜੁੜ ਕੇ ਲੰਮੇ ਸਮੇਂ ਤੱਕ ਪੱਤਰਕਾਰੀ ਕੀਤੀ ਅਤੇ ਆਪਣੇ ਕਾਰੋਬਾਰ ਨਾਲ ਵੀ ਹਮੇਸ਼ਾ ਜੁੜੇ ਰਹੇ। ਉਨ੍ਹਾਂ ਦੇ ਧਾਰਮਿਕ ਤੇ ਰਾਜਨੀਤਿਕ ਲੋਕਾਂ ਨਲ ਗੂੜ੍ਹੇ ਸਬੰਧ ਸਨ। ਅੰਤ ਕੁਝ ਸਮਾਂ ਬਿਮਾਰ ਰਹਿਣ ਉਪਰੰਤ ਸੁਖਵਿੰਦਰ ਸਿੰਘ ਗੁਰਾਇਆ 24 ਸਤੰਬਰ 2026 ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ, ਰਿਸ਼ਤੇਦਾਰਾਂ, ਸੱਜਣਾਂ-ਮਿੱਤਰਾਂ ਤੇ ਪੱਤਰਕਾਰੀ ਨਾਲ ਸਬੰਧਤ ਸਾਥੀਆਂ ਨੂੰ ਗਹਿਰਾ ਦੁੱਖ ਪਹੁੰਚਿਆ। ਉਨ੍ਹਾਂ ਦੀ ਸਾਦਗੀ, ਮਿਲਣਸਾਰ ਸੁਭਾਅ, ਮਿਹਨਤੀ ਜੀਵਨ, ਪਰਿਵਾਰ ਪ੍ਰਤੀ ਪਿਆਰ ਤੇ ਪੱਤਰਕਾਰੀ ਪ੍ਰਤੀ ਸਮਰਪਣ ਸਦਾ ਯਾਦ ਰਹੇਗਾ। ਸਵ: ਸੁਖਵਿੰਦਰ ਸਿੰਘ ਗੁਰਾਇਆ ਨਮਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਕੱਲ੍ਹ ਮਿਤੀ 4 ਅਕਤੂਬਰ ਦਿਨ ਐਤਵਾਰ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਪਾਇਆ ਜਾਵੇਗਾ। ਉਪਰੰਤ ਕੀਰਤਨ ਤੇ ਅੰਤਿਮ ਅਰਦਾਸ 12 ਤੋਂ 2 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ, (ਗੁਰੂ ਤੇਗ ਬਹਾਦਰ ਕਾਲੋਨੀ) ਬਟਾਲਾ ਵਿਖੇ ਹੋਵੇਗੀ। - ਸਤਿੰਦਰ ਸਿੰਘ