ਸੜਕਾਂ ਕੰਢੇ ਕੂੜੇ ਦੇ ਢੇਰਾਂ ਨੂੰ ਅੱਗ ਲਗਾਉਣ ਨਾਲ ਸ਼ਹਿਰ ਅੰਦਰ ਫੈਲ ਰਿਹਾ ਪ੍ਰਦੂਸ਼ਣ, ਲੋਕਾਂ ਵਿਚ ਭਾਰੀ ਰੋਸ
ਗੁਰਦਾਸਪੁਰ, 6 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਕੂੜਾ ਚੁੱਕਣ ਦੀ ਬਜਾਏ ਸੜਕਾਂ ’ਤੇ ਹੀ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਪਾਸੇ ਜਿਲ੍ਹਾ ਪ੍ਰਸ਼ਾਸਨ ਗੰਭੀਰ ਨਾ ਹੋਣ ਕਾਰਨ ਲੋਕਾਂ ਦਾ ਸੰਬੰਧਿਤ ਵਿਭਾਗ ਪ੍ਰਤੀ ਭਾਰੀ ਰੋਸ ਹੈ।
ਗੁਰਦਾਸਪੁਰ, 6 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ’ਤੇ ਕੂੜਾ ਚੁੱਕਣ ਦੀ ਬਜਾਏ ਸੜਕਾਂ ’ਤੇ ਹੀ ਅੱਗ ਲਗਾ ਕੇ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੈ। ਇਸ ਪਾਸੇ ਜਿਲ੍ਹਾ ਪ੍ਰਸ਼ਾਸਨ ਗੰਭੀਰ ਨਾ ਹੋਣ ਕਾਰਨ ਲੋਕਾਂ ਦਾ ਸੰਬੰਧਿਤ ਵਿਭਾਗ ਪ੍ਰਤੀ ਭਾਰੀ ਰੋਸ ਹੈ। ਇਸ ਸੰਬੰਧੀ ਸ਼ਹਿਰ ਵਾਸੀਆਂ ਨੇ ਦੱਸਿਆ ਕਿ ਸੜਕਾਂ ’ਤੇ ਕੂੜੇ ਨੂੰ ਅੱਗ ਲਗਾਉਣ ਦਾ ਸਿਲਸਿਲਾ ਪਿਛਲੇ ਇਕ ਮਹੀਨੇ ਤੋਂ ਨਿਰੰਤਰ ਚੱਲ ਰਿਹਾ ਹੈ। ਇਸ ਨਾਲ ਜਿਥੇ ਸ਼ਹਿਰ ਅੰਦਰ ਧੂੰਏਂ ਨਾਲ ਲੋਕਾਂ ਦਾ ਜੀਵਨ ਦੁੱਭਰ ਹੋਇਆ ਹੈ, ਉਥੇ ਲੋਕ ਸਾਹ ਵਰਗੀਆਂ ਕਈ ਭਿਆਨਕ ਬਿਮਾਰੀਆਂ ਦੀ ਗ੍ਰਿਫਤ ਵਿਚ ਫਸ ਰਹੇ ਹਨ। ਸ਼ਹਿਰ ਦੇ ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਲੋਕਾਂ ਨੂੰ ਸੜਕਾਂ ’ਤੇ ਕੂੜਾ ਸੁੱਟਣ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਗਾਲੀ ਗਲੋਚ ’ਤੇ ਉਤਰ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪ੍ਰਸ਼ਾਸਨ ਦੇ ਧਿਆਨ ਹਿਤ ਵੀ ਲਿਆਉਣ ਦੇ ਬਾਵਜੂਦ ਲੋਕ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਉਨ੍ਹਾਂ ਦੱਸਿਆ ਕਿ ਸਵੇਰੇ ਸ਼ਾਮ ਸਮੇਂ ਲੋਕ ਸੜਕਾਂ ’ਤੇ ਸੈਰ ਵੀ ਕਰਦੇ ਹਨ ਪਰ ਧੂੰਏਂ ਕਾਰਨ ਲੋਕਾਂ ਨੂੰ ਅਨੇਕਾਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਸ਼ਹਿਰ ਦੀ ਜੇਲ੍ਹ ਰੋਡ ’ਤੇ ਲੋਕ ਸ਼ਰੇਆਮ ਕੂੜੇ ਨੂੰ ਅੱਗ ਲਗਾ ਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਮੰਗ ਕੀਤੀ ਕਿ ਗੰਦਗੀ ਦੇ ਢੇਰਾਂ ਨੂੰ ਅੱਗ ਲਗਾਉਣ ਤੋਂ ਲੋਕਾਂ ਨੂੰ ਰੋਕਣ ਲਈ ਸੰਬੰਧਿਤ ਵਿਭਾਗ ਨੂੰ ਨਿਰਦੇਸ਼ ਦਿੱਤੇ ਜਾਣ, ਜਿਸ ਨਾਲ ਸ਼ਹਿਰ ਅੰਦਰ ਵਾਤਾਵਰਨ ਵੀ ਪ੍ਰਦੂਸ਼ਣ ਹੋਣ ਤੋਂ ਬਚ ਸਕੇ।