ਮੀਂਹ ਨੇ ਬਦਲਿਆ ਮੌਸਮ ਦਾ ਮਿਜ਼ਾਜ, ਕਾਲੇ ਬੱਦਲਾਂ ਕਾਰਨ ਦਿਨ ਹੋਇਆ ਰਾਤ ਵਰਗਾ
ਗੁਰਦਾਸਪੁਰ, 11 ਅਕਤੂਬਰ (ਪੰਕਜ ਸ਼ਰਮਾ)-ਸਵੇਰ ਤੋਂ ਪੈ ਰਹੇ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ । ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਆਉਣ ਨਾਲ ਮੌਸਮ ਠੰਢਾ ਹੋ ਗਿਆ ਹੈ ।
ਗੁਰਦਾਸਪੁਰ, 11 ਅਕਤੂਬਰ (ਪੰਕਜ ਸ਼ਰਮਾ)-ਸਵੇਰ ਤੋਂ ਪੈ ਰਹੇ ਮੀਂਹ ਨੇ ਮੌਸਮ ਦਾ ਮਿਜ਼ਾਜ ਬਦਲ ਦਿੱਤਾ ਹੈ । ਮੀਂਹ ਕਾਰਨ ਤਾਪਮਾਨ ’ਚ ਗਿਰਾਵਟ ਆਉਣ ਨਾਲ ਮੌਸਮ ਠੰਢਾ ਹੋ ਗਿਆ ਹੈ । ਅਸਮਾਨ ’ਚ ਛਾਏ ਕਾਲੇ ਬੱਦਲਾਂ ਕਾਰਨ ਦਿਨ ਸਮੇਂ ਵੀ ਰਾਤ ਵਰਗਾ ਅਹਿਸਾਸ ਹੋਇਆ । ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਹੈ, ਪਰ ਦੂਜੇ ਪਾਸੇ ਸੜਕਾਂ ਦੀ ਖ਼ਰਾਬ ਹਾਲਤ ਲੋਕਾਂ ਲਈ ਮੁਸੀਬਤ ਬਣੀ ਹੋਈ ਹੈ । ਮੀਂਹ ਕਾਰਨ ਸੜਕਾਂ ’ਤੇ ਬਣੇ ਟੋਇਆਂ ’ਚ ਪਾਣੀ ਭਰ ਗਿਆ ਹੈ, ਜਿਸ ਕਾਰਨ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਟੋਇਆਂ ਦਾ ਪਤਾ ਨਹੀਂ ਲੱਗ ਰਿਹਾ । ਪਾਣੀ ਨਾਲ ਭਰੇ ਟੋਇਆਂ ਕਾਰਨ ਦੋ ਪਹੀਆ ਵਾਹਨ ਚਾਲਕਾਂ ਦੇ ਸੰਤੁਲਨ ਵਿਗੜਨ ਤੇ ਵਾਹਨਾਂ ਦੇ ਹਾਦਸਾਗ੍ਰਸਤ ਹੋਣ ਦਾ ਖ਼ਤਰਾ ਬਣਿਆ ਹੋਇਆ ਹੈ । ਖ਼ਾਸ ਕਰਕੇ ਤੇਜ਼ ਰਫ਼ਤਾਰ ਨਾਲ ਆਉਣ ਵਾਲੇ ਵਾਹਨ ਚਾਲਕਾਂ ਲਈ ਇਹ ਟੋਏ ਹਾਦਸਿਆਂ ਦਾ ਕਾਰਨ ਬਣ ਸਕਦੇ ਹਨ । ਸੜਕਾਂ ’ਤੇ ਪਾਣੀ ਭਰਨ ਕਾਰਨ ਆਮ ਲੋਕਾਂ ਨੂੰ ਆਉਣ-ਜਾਣ ਵਿਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੀਂਹ ਦੇ ਪਾਣੀ ’ਚ ਟੋਏ ਦਿਖਾਈ ਨਾ ਦੇਣ ਕਾਰਨ ਵਾਹਨਾਂ ਨੂੰ ਨੁਕਸਾਨ ਪਹੁੰਚਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ । ਜ਼ਿਕਰਯੋਗ ਹੈ ਕਿ ਇਹ ਮੀਂਹ ਕਿਸਾਨਾਂ ਦੀ ਪੱਕੀ ਝੋਨੇ ਦੀ ਫਸਲ ਲਈ ਵੀ ਨੁਕਸਾਨ ਦਾਇਕ ਹੈ । ਲੋਕਾਂ ਨੇ ਸਬੰਧਿਤ ਵਿਭਾਗ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ ਤੇ ਟੋਇਆਂ ਨੂੰ ਜਲਦ ਭਰਿਆ ਜਾਵੇ , ਤਾਂ ਜੋ ਬਰਸਾਤ ਦੌਰਾਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ ।