ਫਤਹਿਗੜ੍ਹ ਚੂੜੀਆਂ ਦੇ ਖੇਤਰ ’ਚ ਮੋਹਲੇਧਾਰ ਬਰਸਾਤ ਨੇ ਕਿਸਾਨਾਂ ਦੀਆਂ ਫਸਲਾਂ ਦਾ ਕੀਤਾ ਵੱਡਾ ਨੁਕਸਾਨ
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਇਲਾਕੇ ਅੰਦਰ ਹੋਈ ਭਾਰੀ ਬਰਸਾਤ ਨੇ ਕਿਸਾਨਾਂ ਦੀਆਂ ਝੋਨੇ ਤੇ ਹੋਰ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਹਲਕਾ ਫਤਹਿਗੜ੍ਹ ਚੂੜੀਆਂ ਤੇ ਇਰਦ-ਗਿਰਦ ਦੇ ਇਲਾਕੇ ’ਚ ਜਿੱਥੇ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਹਵਾ ਨਾਲ ਕਮਾਦ ਤੇ ਪੱਠਿਆਂ ਦੀ ਫਸਲ ਵੀ ਵਿਛ ਗਈ ਹੈ।
ਫਤਹਿਗੜ੍ਹ ਚੂੜੀਆਂ, 11 ਅਕਤੂਬਰ (ਅਵਤਾਰ ਸਿੰਘ ਰੰਧਾਵਾ)-ਇਲਾਕੇ ਅੰਦਰ ਹੋਈ ਭਾਰੀ ਬਰਸਾਤ ਨੇ ਕਿਸਾਨਾਂ ਦੀਆਂ ਝੋਨੇ ਤੇ ਹੋਰ ਫਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਹਲਕਾ ਫਤਹਿਗੜ੍ਹ ਚੂੜੀਆਂ ਤੇ ਇਰਦ-ਗਿਰਦ ਦੇ ਇਲਾਕੇ ’ਚ ਜਿੱਥੇ ਝੋਨੇ ਦੀ ਫਸਲ ਦਾ ਵੱਡਾ ਨੁਕਸਾਨ ਹੋਇਆ ਹੈ, ਉੱਥੇ ਹਵਾ ਨਾਲ ਕਮਾਦ ਤੇ ਪੱਠਿਆਂ ਦੀ ਫਸਲ ਵੀ ਵਿਛ ਗਈ ਹੈ। ਨਵੀਆਂ ਬੀਜੀਆਂ ਸਬਜ਼ੀਆਂ ਦਾ ਵੀ ਵੱਡਾ ਨੁਕਸਾਨ ਹੋਇਆ ਹੈ। ਇਸ ਮੌਕੇ ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਇਸ ਵਾਰ ਉਹ ਸੋਚਦੇ ਸਨ ਕਿ ਹੜ ਦਾ ਸਮਾਂ ਲੰਘ ਗਿਆ ਹੈ, ਪਰ ਹੁਣ ਜਦੋਂ ਪੁੱਤਾਂ ਵਾਂਗ ਪਾਲੀ ਹੋਈ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਈ ਹੈ ਤਾਂ ਬਰਸਾਤ ਨਾਲ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਹੈ। ਜਿਹੜੀਆਂ ਜ਼ਮੀਨਾਂ ’ਚੋਂ ਕਿਸਾਨਾਂ ਨੇ ਅਗੇਤਾ ਝੋਨਾ ਕਟਾਇਆ ਹੈ, ਉਥੇ ਪਰਾਲੀ ਦੀਆਂ ਗੱਠਾਂ ਵੀ ਪਾਣੀ ’ਚ ਡੁੱਬ ਗਈਆਂ ਹਨ, ਜਦ ਕਿ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਵਲੋਂ ਮਹਿੰਗੇ ਭਾਅ ਦੇ ਬੀਜ ਬੀਜ ਕੇ ਖੇਤਾਂ ’ਚ ਖੇਲਾਂ ਬਣਾ ਕੇ ਬੀਜੀਆਂ ਹੋਈਆਂ ਵੱਟਾਂ ਦੇ ਬਹਿ ਜਾਣ ਕਰਕੇ ਪੂਰੀ ਤਰ੍ਹਾਂ ਖਰਾਬ ਹੋ ਗਈਆਂ ਹਨ, ਜਿਨਾਂ ਦਾ ਖਰਚਾ ਕਿਸਾਨਾਂ ਨੂੰ ਦੁਬਾਰਾ ਉਠਾਉਣਾ ਪਵੇਗਾ। ਇਸੇ ਤਰ੍ਹਾਂ ਦੱਸ ਦਈਏ ਕਿ ਦਾਣਾ ਮੰਡੀ ਫਤਹਿਗੜ੍ਹ ਚੂੜੀਆਂ ਅੰਦਰ ਤੇਜ ਮੀਂਹ ਦੇ ਵਹਾਅ ਨਾਲ ਖੁੱਲੇ ਅਸਮਾਨ ਹੇਠ ਪਏ ਝੋਨੇ ਦੇ ਢੇਰ ਅਤੇ ਬੋਰੀਆਂ ਵਿਚ ਪਿਆ ਝੋਨਾ ਬੁਰੀ ਤਰ੍ਹਾਂ ਮੀਂਹ ਦੀ ਲਪੇਟ ਵਿਚ ਆ ਕੇ ਨੁਕਸਾਨਿਆ ਗਿਆ ਹੈ। ਦਾਣਾ ਮੰਡੀ ਅੰਦਰ ਗੰਦਗੀ ਭਰਿਆ ਪਾਣੀ ਜਮ੍ਹਾ ਹੋਣ ਕਰਕੇ ਗੇਟੋ ਅੰਦਰ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਤੇ ਦਾਣਾ ਮੰਡੀ ਦਾ ਵੱਡਾ ਹਿੱਸਾ ਗੰਦਗੀ ਭਰੇ ਚਿੱਕੜ ਨਾਲ ਬਦਤਰ ਰੂਪ ਧਾਰਨ ਕਰ ਗਿਆ ਹੈ। ਇਸੇ ਤਰ੍ਹਾਂ ਫਤਹਿਗੜ੍ਹ ਚੂੜੀਆਂ ਦਾ ਐਸ.ਡੀ.ਐਮ. ਦਫਤਰ ਅਕਸਰ ਬਰਸਾਤ ਦੀ ਤਰ੍ਹਾਂ ਦੀ ਲਪੇਟ ’ਚ ਆਇਆ ਹੋਇਆ ਹੈ, ਦਫ਼ਤਰ ਦੀਆਂ ਬਰੂਹਾਂ ਕੋਲ ਜਾਣ ਲਈ ਗੰਦੇ ਪਾਣੀ ਦੀ ਮਿਕਦਾਰ ਜਿਆਦਾ ਹੋਣ ਕਰਕੇ ਕਾਰਾਂ ਦਾ ਆਸਰਾ ਲਿਆ ਜਾ ਰਿਹਾ ਹੈ। ਦਫ਼ਤਰਾਂ ਅੰਦਰ ਕੰਮਕਾਜ ਲਈ ਆਉਣ ਵਾਲੇ ਲੋਕਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ ਗੰਦਗੀ ਭਰਿਆ ਪਾਣੀ ਫੈਲਣ ਨਾਲ ਦੁਕਾਨਦਾਰਾਂ ਤੇ ਹੋਰ ਲੋਕਾਂ ਨੂੰ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਫਤਹਿਗੜ੍ਹ ਚੂੜੀਆਂ ਦੀ ਡੇਰਾ ਬਾਬਾ ਨਾਨਕ ਰੋਡ ਤੋਂ ਥਾਣੇ ਵੱਲ ਨੂੰ ਆਉਂਦਿਆਂ ਅਧਵਾਟੇ ਰੁਕੇ ਹੋਏ ਰਸਤੇ ਬੇਹਦ ਖਰਾਬ ਹੋ ਚੁੱਕੇ ਹਨ, ਜਦ ਕਿ ਫਤਹਿਗੜ੍ਹ ਚੂੜੀਆਂ ਦੇ ਸਟੇਸ਼ਨ ਰੋਡ ਦੀ ਹਾਲਤ ਬਦਤਰ ਹੋਣ ਕਰ ਕੇ ਵੱਡੀ ਆਵਾਜਾਈ ਵਾਲੇ ਲੋਕ ਪ੍ਰਭਾਵਿਤ ਹੋ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੰਬਾ ਸਮਾਂ ਬੀਤ ਜਾਣ ਉਪਰੰਤ ਵੀ ਪੂਰਾ ਸ਼ਹਿਰ ਅਣਦੇਖੀ ਦਾ ਸ਼ਿਕਾਰ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬਰਸਾਤ ਦੇ ਦਿਨਾਂ ’ਚ ਤਕਰੀਬਨ ਪੂਰੇ ਸ਼ਹਿਰ ਨੂੰ ਗੰਦਗੀ ਅਤੇ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ ।