ਥਾਣਾ ਨਰੋਟ ਜੈਮਲ ਸਿੰਘ ਨੂੰ ਮਿਲੇ ਤਿੰਨ ਮੋਟਰਸਾਈਕਲ
ਸਰਹੱਦੀ ਇਲਾਕੇ ’ਚ ਤਲਾਸ਼ੀ ਮੁਹਿੰਮ ਹੋਵੇਗੀ ਮਜਬੂਤ- ਡੀ. ਐਸ. ਪੀ. ਬਾਜਵਾ
ਨਰੋਟ ਜੈਮਲ ਸਿੰਘ, 3 ਨਵੰਬਰ (ਸ਼ਸ਼ੀ ਕੁਮਾਰ)-ਪੰਜਾਬ ਦੇ ਡੀ. ਜੀ.
ਨਰੋਟ ਜੈਮਲ ਸਿੰਘ, 3 ਨਵੰਬਰ (ਸ਼ਸ਼ੀ ਕੁਮਾਰ)-ਪੰਜਾਬ ਦੇ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ਅਨੁਸਾਰ ਸਰਹੱਦੀ ਖੇਤਰਾਂ ਵਿਚ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਪੁਲਿਸ ਦੀ ਤਲਾਸ਼ੀ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੇ ਮਕਸਦ ਨਾਲ ਜ਼ਿਲ੍ਹਾ ਪੁਲਿਸ ਪਠਾਨਕੋਟ ਵਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ। ਇਸੇ ਤਹਿਤ ਐਸ. ਐਸ. ਪੀ. ਪਠਾਨਕੋਟ ਮਨਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਥਾਣਾ ਨਰੋਟ ਜੈਮਲ ਸਿੰਘ ਨੂੰ ਤਿੰਨ ਮੋਟਰਸਾਈਕਲ ਮੁਹੱਈਆ ਕਰਵਾਏ ਗਏ। ਡੀ. ਐਸ. ਪੀ. ਆਪਰੇਸ਼ਨ ਗੁਰਬਖਸ਼ ਸਿੰਘ ਬਾਜਵਾ ਦੀ ਅਗਵਾਈ ਹੇਠ ਪੁਲਿਸ ਟੀਮ ਵਲੋਂ ਇਨ੍ਹਾਂ ਮੋਟਰਸਾਈਕਲਾਂ ਦੀ ਮਦਦ ਨਾਲ ਸਰਹੱਦੀ ਖੇਤਰ ਦੇ ਵੱਖ-ਵੱਖ ਪਿੰਡਾਂ ਤੇ ਸੁੰਨਸਾਨ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਗੁਰਬਖਸ਼ ਸਿੰਘ ਬਾਜਵਾ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਸਰਹੱਦੀ ਖੇਤਰਾਂ ਵਿਚ ਸਮੇਂ-ਸਮੇਂ ’ਤੇ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕਿਆਂ ਵਿਚ ਕਈ ਅਜਿਹੇ ਰਸਤੇ ਤੇ ਸਥਾਨ ਹਨ, ਜਿੱਥੇ ਪੁਲਿਸ ਦੀਆਂ ਚਾਰ ਪਹੀਆ ਗੱਡੀਆਂ ਦਾ ਪਹੁੰਚਣਾ ਮੁਸ਼ਕਿਲ ਹੁੰਦਾ ਹੈ। ਅਜਿਹੇ ਸਥਾਨਾਂ ਤੱਕ ਆਸਾਨੀ ਨਾਲ ਪਹੁੰਚਣ ਅਤੇ ਪੁਲਿਸ ਦੀ ਕਾਰਜਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਇਹ ਮੋਟਰਸਾਈਕਲ ਮੁਹੱਈਆ ਕਰਵਾਏ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਵਲੋਂ ਮੋਟਰਸਾਈਕਲਾਂ ਰਾਹੀਂ ਮਜੀਰੀ ਜੱਟਾਂ, ਤਾਸ਼ ਅਤੇ ਆਲੇ-ਦੁਆਲੇ ਦੇ ਪਿੰਡਾਂ ਸਮੇਤ ਵੱਖ-ਵੱਖ ਸੁੰਨਸਾਨ ਥਾਵਾਂ ’ਤੇ ਜਾਂਚ ਕੀਤੀ ਗਈ। ਇਸ ਦੌਰਾਨ ਪਿੰਡਾਂ ਦੇ ਮੋਹਤਬਰਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ। ਇਸ ਮੌਕੇ ਥਾਣਾ ਨਰੋਟ ਜੈਮਲ ਸਿੰਘ ਦੇ ਐਸ.ਐਚ.ਓ ਦਲਜੀਤ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸ਼ੱਕੀ ਵਿਅਕਤੀ ਜਾਂ ਗਤੀਵਿਧੀ ਸਬੰਧੀ ਪੁਲਿਸ ਨੂੰ ਤੁਰੰਤ ਤੇ ਸਹੀ ਜਾਣਕਾਰੀ ਦੇਣ ਤਾਂ ਜੋ ਸਮੇਂ ਸਿਰ ਲੋੜੀਂਦੀ ਕਾਰਵਾਈ ਕਰਕੇ ਇਲਾਕੇ ਵਿਚ ਅਮਨ-ਕਾਨੂੰਨ ਅਤੇ ਸੁਰੱਖਿਆ ਵਿਵਸਥਾ ਨੂੰ ਕਾਇਮ ਰੱਖਿਆ ਜਾ ਸਕੇ।