ਸ੍ਰੀ ਅਚਲੇਸ਼ਵਰ ਧਾਮ ਮੇਲੇ ’ਚ ਚੋਰ ਗਰੋਹ ਨੇ ਔਰਤ ਦੀਆਂ ਸੋਨੇ ਦੀਆਂ ਚੂੜੀਆਂ ਉਤਾਰੀਆਂ, 2 ਕਾਬੂ
ਹੋਰ ਸਾਥਣਾਂ ਫਰਾਰ, ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ
ਬਟਾਲਾ, 20 ਨਵੰਬਰ (ਰਾਕੇਸ਼ ਰੇਖੀ)- ਸ੍ਰੀ ਅਚਲੇਸ਼ਵਰ ਧਾਮ ਵਿਖੇ ਲੱਗੇ ਮੇਲੇ ਦੌਰਾਨ ਔਰਤਾਂ ਦੇ ਇਕ ਗਰੋਹ ਵਲੋਂ ਮੱਥਾ ਟੇਕਣ ਆਈ ਇਕ ਮਹਿਲਾ ਦੀਆਂ ਸੋਨੇ ਦੀਆਂ ਚੂੜੀਆਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮਲੇਸ਼ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਪੋਤੇ ਨਾਲ ਸ੍ਰੀ ਅਚਲੇਸ਼ਵਰ ਧਾਮ ਵਿਖੇ ਮੱਥਾ ਟੇਕਣ ਲਈ ਗਈ ਸੀ।
ਬਟਾਲਾ, 20 ਨਵੰਬਰ (ਰਾਕੇਸ਼ ਰੇਖੀ)- ਸ੍ਰੀ ਅਚਲੇਸ਼ਵਰ ਧਾਮ ਵਿਖੇ ਲੱਗੇ ਮੇਲੇ ਦੌਰਾਨ ਔਰਤਾਂ ਦੇ ਇਕ ਗਰੋਹ ਵਲੋਂ ਮੱਥਾ ਟੇਕਣ ਆਈ ਇਕ ਮਹਿਲਾ ਦੀਆਂ ਸੋਨੇ ਦੀਆਂ ਚੂੜੀਆਂ ਉਤਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਕਮਲੇਸ਼ ਮਹਾਜਨ ਨੇ ਦੱਸਿਆ ਕਿ ਉਹ ਆਪਣੇ ਪੋਤੇ ਨਾਲ ਸ੍ਰੀ ਅਚਲੇਸ਼ਵਰ ਧਾਮ ਵਿਖੇ ਮੱਥਾ ਟੇਕਣ ਲਈ ਗਈ ਸੀ। ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤੇ ਗੇਟ ਦੇ ਨੇੜੇ ਪਹੁੰਚੀ ਤਾਂ ਜ਼ਿਆਦਾ ਭੀੜ ਹੋਣ ਕਾਰਨ ਕੁਝ ਔਰਤਾਂ ਦੇ ਗਰੋਹ ਨੇ ਉਸ ਨੂੰ ਘੇਰ ਲਿਆ। ਇਸ ਦੌਰਾਨ ਔਰਤਾਂ ਨੇ ਉਸ ਨੂੰ ਧੱਕਾ ਦਿੱਤਾ, ਜਿਸ ਕਾਰਨ ਉਸ ਦੀਆਂ ਬਾਹਾਂ ਪਿੱਛੇ ਵੱਲ ਹੋ ਗਈਆਂ। ਇਸੇ ਦੌਰਾਨ ਗਰੋਹ ਦੀਆਂ ਔਰਤਾਂ ਨੇ ਉਸ ਦੀਆਂ ਸੋਨੇ ਦੀਆਂ ਚੂੜੀਆਂ ਉਤਾਰ ਲਈਆਂ। ਕਮਲੇਸ਼ ਮਹਾਜਨ ਨੇ ਦੱਸਿਆ ਕਿ ਉਸ ਨੇ ਤੁਰੰਤ ਰੌਲਾ ਪਾਇਆ। ਰੌਲਾ ਸੁਣ ਕੇ ਆਸ-ਪਾਸ ਮੌਜੂਦ ਲੋਕ ਇਕੱਠੇ ਹੋ ਗਏ ਤੇ ਸ਼ੱਕ ਦੇ ਆਧਾਰ ’ਤੇ ਦੋ ਔਰਤਾਂ ਨੂੰ ਕਾਬੂ ਕਰ ਲਿਆ, ਜਦਕਿ ਉਨ੍ਹਾਂ ਦੀਆਂ ਹੋਰ ਸਾਥਣਾਂ ਫਰਾਰ ਹੋ ਗਈਆਂ। ਉਸ ਨੇ ਦੱਸਿਆ ਕਿ ਉਤਾਰੀਆਂ ਗਈਆਂ ਸੋਨੇ ਦੀਆਂ ਦੋ ਚੂੜੀਆਂ ਦਾ ਕੁੱਲ ਵਜ਼ਨ ਤਿੰਨ ਤੋਲੇ ਸੀ, ਜਿਨ੍ਹਾਂ ਦੀ ਕੀਮਤ ਕਰੀਬ 4 ਲੱਖ ਰੁਪਏ ਬਣਦੀ ਹੈ। ਉਸ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਫਰਾਰ ਔਰਤਾਂ ਨੂੰ ਵੀ ਗ੍ਰਿਫ਼ਤਾਰ ਕਰ ਕੇ ਉਸ ਦੀਆਂ ਚੂੜੀਆਂ ਵਾਪਸ ਦਿਵਾਈਆਂ ਜਾਣ। ਥਾਣਾ ਰੰਗੜ ਨੰਗਲ ਦੇ ਐੱਸ.ਐੱਚ.ਓ. ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਕਮਲੇਸ਼ ਮਹਾਜਨ ਦੀ ਸ਼ਿਕਾਇਤ ’ ਤੇ ਮੁੰਨੀ ਪਤਨੀ ਰਾਜੂ ਇੰਦਰਾ ਕਾਲੋਨੀ ਖੋਖਲਾ ਕੋਟ ਰੋਹਤਕ (ਹਰਿਆਣਾ) ਤੇ ਮੁਖਤਿਆਰੋ ਉਰਫ ਨਿੰਦੋ ਪਤਨੀ ਮਿੱਠੂ ਵਾਸੀ ਸਮੁੰਦਗੜ੍ਹ ਛਨਾ ਹਾਲ ਵਾਸੀ ਗਿੱਲ ਲੁਧਿਆਣਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਔਰਤਾਂ ਆਪਣੇ-ਆਪ ਨੂੰ ਮਾਂ-ਧੀ ਦੱਸ ਰਹੀਆਂ ਹਨ, ਪਰ ਪੁਲਿਸ ਵਲੋਂ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।