ਰਾਸ਼ਟਰੀ ਯੋਗ ਮੁਕਾਬਲੇ ’ਚ ਆਰ.ਡੀ. ਖੋਸਲਾ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਬਟਾਲਾ, 23 ਨਵੰਬਰ (ਸਤਿੰਦਰ ਸਿੰਘ)- ਆਰ. ਡੀ.
ਬਟਾਲਾ, 23 ਨਵੰਬਰ (ਸਤਿੰਦਰ ਸਿੰਘ)- ਆਰ.ਡੀ.ਖੋਸਲਾ ਡੀ.ਏ.ਵੀ. ਮਾਡਲ ਸੀਨੀਅਰ ਸੈਕੰਡਰੀ ਸਕੂਲ, ਬਟਾਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਯੋਗ ਸਪੋਰਟਸ ਐਸੋਸੀਏਸ਼ਨ ਵੱਲੋਂ ਭਵਨਜ਼ ਐਸ.ਐਲ.ਅੰਮ੍ਰਿਤਸਰ ਵਿਖੇ ਆਯੋਜਿਤ ‘ਰਾਸ਼ਟਰੀ ਯੋਗ ਮੁਕਾਬਲਾ 2026’ ਵਿਚ ਬੇਮਿਸਾਲ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ ਤੇ ਟਰਾਫ਼ੀਆਂ ਆਪਣੇ ਨਾਮ ਕੀਤੀਆਂ। ਅੰਡਰ 18 ਤੋਂ 21 ਲੜਕੀਆਂ ਗਰੁੱਪ ਵਿਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਤਾਲਮੇਲ ਅਤੇ ਯੋਗ ਕੌਸ਼ਲ ਦਾ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਹਾਸਲ ਕੀਤਾ ਤੇ 5 ਸੋਨ ਤਗਮੇ ਤੇ ਪਹਿਲੇ ਸਥਾਨ ਦੀ ਟਰਾਫ਼ੀ ਆਪਣੇ ਨਾਮ ਕੀਤੀ। ਇਸ ਜੇਤੂ ਟੀਮ ਵਿਚ ਅਨੁਰੀਤ ਕੌਰ ਮਲ੍ਹੀ, ਖੁਸ਼ਮੀਤ ਕੌਰ ਮਲ੍ਹੀ, ਮਨੁਲੀਨ ਕੌਰ ਪਵਾਰ, ਰਾਜਵੀਰ ਕੌਰ ਬਾਜਵਾ ਤੇ ਪ੍ਰਭਲੀਨ ਕੌਰ ਪਵਾਰ ਸ਼ਾਮਲ ਸਨ, ਜਿਨ੍ਹਾਂ ਨੇ ਆਪਣੀ ਸ਼ਾਨਦਾਰ ਪੇਸ਼ਕਾਰੀ ਨਾਲ ਜੱਜਾਂ ਨੂੰ ਪ੍ਰਭਾਵਿਤ ਕੀਤਾ। ਅੰਡਰ 12 ਤੋਂ 15 ਲੜਕੀਆਂ ਗਰੁੱਪ ਵਿਚ ਵੀ ਪੰਜਾਬ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕਰਦਿਆਂ 5 ਸੋਨ ਤਗਮੇ ਤੇ ਪਹਿਲੇ ਸਥਾਨ ਦੀ ਟਰਾਫ਼ੀ ਜਿੱਤੀ। ਇਸ ਟੀਮ ਦੀ ਇਤਿਹਾਸਕ ਜਿੱਤ ’ਚ ਸਕੂਲ ਵਿਦਿਆਰਥਣ ਸ਼ਿਵਾਂਸ਼ੀ ਮਹਾਜਨ ਦਾ ਪ੍ਰਦਰਸ਼ਨ ਸਭ ਤੋਂ ਸ਼ਾਨਦਾਰ ਰਿਹਾ, ਜਿਸ ਨੂੰ ਟੀਮ ਦੀ ਸਰਵੋਤਮ ਖਿਡਾਰਨ ਐਲਾਨਿਆ ਗਿਆ ਉੱਥੇ ਹੀ ਅੰਡਰ 12 ਤੋਂ 15 ਬੁਆਏਜ਼ ਗਰੁੱਪ ਵਿਚ ਵੀ ਪੰਜਾਬ ਦੀ ਟੀਮ ਨੇ ਬਾਜ਼ੀ ਮਾਰਦਿਆਂ ਪਹਿਲਾ ਸਥਾਨ, 5 ਸੋਨ ਤਗਮੇ ਤੇ ਪਹਿਲੇ ਸਥਾਨ ਦੀ ਟਰਾਫ਼ੀ ਜਿੱਤੀ। ਇਸ ਵਰਗ ਵਿਚ ਸਕੂਲ ਦੇ ਵਿਦਿਆਰਥੀ ਸਮਰੱਥ ਮਹਾਜਨ ਨੇ ਸ਼ਾਨਦਾਰ ਯੋਗ ਆਸਨਾਂ ਦਾ ਪ੍ਰਦਰਸ਼ਨ ਕੀਤਾ ਤੇ ਉਹ ਆਪਣੀ ਟੀਮ ਦੇ ਸਰਵੋਤਮ ਖਿਡਾਰੀ ਰਹੇ। ਟੀਮ ਮੁਕਾਬਲਿਆਂ ਦੇ ਨਾਲ-ਨਾਲ ਵਿਅਕਤੀਗਤ ਵਰਗ ਵਿਚ ਵੀ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਅੰਡਰ 18 ਤੋਂ 21 ਵਰਗ ਦੇ ਵਿਅਕਤੀਗਤ ਪਰੰਪਰਾਗਤ ਯੋਗ ਮੁਕਾਬਲੇ ਵਿਚ ਸਕੂਲ ਦੇ ਵਿਦਿਆਰਥੀ ਚਿਰਾਗ ਸ਼ਰਮਾ ਨੇ ਸਖ਼ਤ ਮੁਕਾਬਲੇ ਦੇ ਵਿਚਕਾਰ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੂਜਾ ਸਥਾਨ ਹਾਸਲ ਕੀਤਾ। ਸਕੂਲ ਚੇਅਰਮੈਨ ਅਰਵਿੰਦ ਖੋਸਲਾ, ਪ੍ਰਧਾਨ ਅਜੈ ਖੋਸਲਾ ਤੇ ਪ੍ਰਿੰਸੀਪਲ ਡਾ. ਬਿੰਦੂ ਭੱਲਾ ਨੇ ਸਾਰੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਮਾਰਗਦਰਸ਼ਕ ਯੋਗਾਚਾਰੀਆ ਵਿਨੈ ਪੁਸ਼ਕਰਨਾ ਨੂੰ ਇਸ ਸ਼ਾਨਦਾਰ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ।