ਬਿਜਲੀ ਦੇ ਐਵਰੇਜ਼ ਬਿੱਲ ਭੇਜਣ ਤੋਂ ਨਾਰਾਜ਼ ਖਪਤਕਾਰਾਂ ਨੇ ਕੀਤਾ ਵਿਰੋਧ ਪ੍ਰਦਰਸ਼ਨ
ਧਾਰਕਲਾਂ, 27 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਤੇ ਆਸ ਪਾਸ ਦੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਬਿਜਲੀ ਵਿਭਾਗ ਵਲੋਂ ਐਵਰੇਜ਼ ਬਿੱਲ ਭੇਜਣ ਤੋਂ ਨਾਰਾਜ਼ ਲੋਕਾਂ ਨੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ । ਪਿੰਡ ਦੁਨੇਰਾ ਰਾਸ਼ਟਰੀ ਰਾਜ ਮਾਰਗ ’ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਇਕੱਠੇ ਹੋਏ ਲੋਕਾਂ ਨੇ ਬਿਜਲੀ ਵਿਭਾਗ ਦੀ ਕਾਰਜ ਪ੍ਰਣਾਲੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ।
ਧਾਰਕਲਾਂ, 27 ਨਵੰਬਰ (ਨਰੇਸ਼ ਪਠਾਨੀਆ)- ਧਾਰ ਬਲਾਕ ਅਧੀਨ ਪੈਂਦੇ ਪਿੰਡ ਦੁਨੇਰਾ ਤੇ ਆਸ ਪਾਸ ਦੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਬਿਜਲੀ ਵਿਭਾਗ ਵਲੋਂ ਐਵਰੇਜ਼ ਬਿੱਲ ਭੇਜਣ ਤੋਂ ਨਾਰਾਜ਼ ਲੋਕਾਂ ਨੇ ਰੋਸ ਵਜੋਂ ਧਰਨਾ ਪ੍ਰਦਰਸ਼ਨ ਕੀਤਾ । ਪਿੰਡ ਦੁਨੇਰਾ ਰਾਸ਼ਟਰੀ ਰਾਜ ਮਾਰਗ ’ਤੇ ਵਿਰੋਧ ਪ੍ਰਦਰਸ਼ਨ ਕਰਦਿਆਂ ਇਕੱਠੇ ਹੋਏ ਲੋਕਾਂ ਨੇ ਬਿਜਲੀ ਵਿਭਾਗ ਦੀ ਕਾਰਜ ਪ੍ਰਣਾਲੀ ਪ੍ਰਤੀ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ । ਪ੍ਰਦਰਸ਼ਨਕਾਰੀਆਂ ਮਾਸਟਰ ਨਰਸਿੰਘ ਲਾਲ, ਕਾਂਗਰਸੀ ਆਗੂ ਦੁਨੇਰਾ ਦੇ ਸਾਬਕਾ ਸਰਪੰਚ ਰਾਜੇਸ਼ ਕੁਮਾਰ, ਰਮਨ ਕੁਮਾਰ, ਹਿਤੇਸ਼ ਆਨੰਦ ਅਤੇ ਦੀਪਕ ਮਹਾਜਨ ਆਦਿ ਨੇ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਬਿਜਲੀ ਵਿਭਾਗ ਦੇ ਮੀਟਰ ਰੀਡਰਾਂ ਦੀ ਚੱਲ ਰਹੀ ਹੜਤਾਲ ਕਾਰਨ ਧਾਰ ਖੇਤਰ ਦੇ ਬਿਜਲੀ ਖਪਤਕਾਰਾਂ ਦੇ ਬਿਜਲੀ ਬਿੱਲਾਂ ਵਿਚ ਅਸਲ ਖਪਤ ਅਨੁਸਾਰ ਰੀਡਿੰਗ ਦਰਜ ਨਹੀਂ ਹੋ ਰਹੀ ਹੈ । ਇਸ ਦੇ ਨਤੀਜੇ ਵਜੋਂ ਬਿਜਲੀ ਵਿਭਾਗ ਵਲੋਂ ਅੰਦਾਜ਼ੇ ਦੇ ਆਧਾਰ ’ਤੇ ਬਿਜਲੀ ਦੇ ਬਿੱਲ ਭੇਜੇ ਜਾ ਰਹੇ ਹਨ ਤੇ ਜ਼ਿਆਦਾਤਰ ਖਪਤਕਾਰਾਂ ਨੂੰ ਜੁਰਮਾਨਾ ਵੀ ਪਾਇਆ ਜਾ ਰਿਹਾ ਹੈ, ਜੋ ਕਿ ਸਰਾਸਰ ਗਲਤ ਹੈ । ਅਜਿਹੇ ਵਿਚ ਜੇਕਰ ਅਚਾਨਕ ਕਈ-ਕਈ ਮਹੀਨਿਆਂ ਦਾ ਭਾਰੀ ਬਿਜਲੀ ਬਿੱਲ ਆ ਜਾਂਦਾ ਹੈ ਤਾਂ ਖਪਤਕਾਰਾਂ ਦੀਆਂ ਮੁਸ਼ਕਿਲਾਂ ਹੋਰ ਵੱਧ ਸਕਦੀਆਂ ਹਨ । ਲੋਕਾਂ ਨੂੰ ਬਿੱਲ ਠੀਕ ਕਰਵਾਉਣ ਲਈ ਧਾਰਕਲਾਂ ਬਿਜਲੀ ਦਫਤਰ ਦੇ ਚੱਕਰ ਕੱਢਣੇ ਪੈ ਰਹੇ ਹਨ । ਪ੍ਰਦਰਸ਼ਨਕਾਰੀਆਂ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਖਪਤਕਾਰਾਂ ਨੂੰ ਮੀਟਰ ਰੀਡਿੰਗ ਦੇ ਆਧਾਰ ’ਤੇ ਸਹੀ ਬਿੱਲ ਜਾਰੀ ਕੀਤੇ ਜਾਣ ਤੇ ਇਸ ਸਮੱਸਿਆ ਦਾ ਜਲਦ ਤੋਂ ਜਲਦ ਹੱਲ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਰਥਿਕ ਤੇ ਮਾਨਸਿਕ ਪ੍ਰੇਸ਼ਾਨੀ ਤੋਂ ਰਾਹਤ ਮਿਲ ਸਕੇ । ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਉਹ ਵੱਡੇ ਪੱਧਰ ’ਤੇ ਟਰੈਫਿਕ ਜਾਮ ਕਰਕੇ ਮੁੱਖ ਸੜਕ ’ਤੇ ਧਰਨਾ ਲਾਉਣ ਲਈ ਮਜ਼ਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ ।