ਪੀ.ਸੀ.ਐਸ. ਭਰਤੀ ਦੇ ਕਥਿਤ ਪੇਪਰ ਘੁਟਾਲੇ ਨੇ ਸਰਕਾਰ ਦੇ ਪਾਰਦਰਸ਼ੀ ਭਰਤੀ ਦੇ ਦਾਅਵਿਆਂ ਦੀ ਖੋਲ੍ਹੀ ਪੋਲ-ਅਮਿਤ ਵਿਜ
ਪਠਾਨਕੋਟ, 27 ਨਵੰਬਰ (ਸੰਧੂ)- ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿਜ ਨੇ ਪੀ. ਸੀ.
ਪਠਾਨਕੋਟ, 27 ਨਵੰਬਰ (ਸੰਧੂ)- ਪਠਾਨਕੋਟ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਖ਼ਜ਼ਾਨਚੀ ਅਮਿਤ ਵਿਜ ਨੇ ਪੀ.ਸੀ.ਐਸ. ਭਰਤੀ ਪ੍ਰਕਿਰਿਆ ਵਿਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਭਰਤੀ ਪ੍ਰਕਿਰਿਆ ’ਤੇ ਰੋਕ ਲਗਾਉਣ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਦਾ ਸਮੁੱਚਾ ਰਿਕਾਰਡ ਸੀਲ ਕਰਨ ਦੇ ਹੁਕਮਾਂ ਨੇ ਸਰਕਾਰ ਦੇ ਪਾਰਦਰਸ਼ੀ ਭਰਤੀ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ । ਉਨ੍ਹਾਂ ਕਿਹਾ ਕਿ 331 ਅਸਾਮੀਆਂ ਲਈ 85 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਅਪਲਾਈ ਕੀਤਾ ਸੀ ਪਰ ਭਰਤੀ ਪ੍ਰਕਿਰਿਆ ਵਿਚ ਸਾਹਮਣੇ ਆਈਆਂ ਖਾਮੀਆਂ ਨੇ ਹਜ਼ਾਰਾਂ ਉਮੀਦਵਾਰਾਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ ਹੈ । ਅਮਿਤ ਵਿਜ ਨੇ ਕਿਹਾ ਕਿ ਦਸਤਾਵੇਜ਼ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ ਨੂੰ ਤਿੰਨ ਵਾਰ ਵਧਾਉਣਾ, ਮੁੱਖ ਪ੍ਰੀਖਿਆ ਦਾ ਨਤੀਜਾ ਐਲਾਨਣ ਤੋਂ ਬਾਅਦ ਅਰਜ਼ੀਆਂ ਦੀ ਜਾਂਚ ਕਰਨਾ, ਪ੍ਰਸ਼ਨ ਪੱਤਰਾਂ ਦੇ ਸੀਰੀਅਲ ਨੰਬਰਾਂ ਵਿਚ ਗੜਬੜੀਆਂ ਅਤੇ ਉਮੀਦਵਾਰਾਂ ਨੂੰ ਇਕ ਤੋਂ ਵੱਧ ਰੋਲ ਨੰਬਰ ਜਾਰੀ ਹੋਣ ਵਰਗੇ ਮਾਮਲੇ ਬੇਹੱਦ ਗੰਭੀਰ ਹਨ । ਉਨ੍ਹਾਂ ਕਿਹਾ ਕਿ ਸਮਾਂ ਸੀਮਾ ਵਧਾਉਣ ਕਾਰਨ 361 ਅਜਿਹੇ ਉਮੀਦਵਾਰਾਂ ਨੂੰ ਵੀ ਭਰਤੀ ਪ੍ਰਕਿਰਿਆ ਵਿਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ, ਜੋ ਪਹਿਲਾਂ ਅਯੋਗ ਸਨ । ਇਸ ਤੋਂ ਇਲਾਵਾ ਸ਼ਾਰਟ-ਲਿਸਟ ਕੀਤੇ ਉਮੀਦਵਾਰਾਂ ਵਿਚ ਲਗਾਤਾਰ ਰੋਲ ਨੰਬਰਾਂ ਵਾਲੇ 26 ਗਰੁੱਪਾਂ ਦੀ ਸ਼ਨਾਖਤ ਹੋਣ ਨਾਲ ਵੀ ਭਰਤੀ ਦੀ ਨਿਰਪੱਖਤਾ ’ਤੇ ਸਵਾਲ ਖੜ੍ਹੇ ਹੋਏ ਹਨ । ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਸਨ ਪਰ ਅੱਜ ਨੌਜਵਾਨ ਬੇਰੁਜ਼ਗਾਰੀ ਅਤੇ ਨਿਰਾਸ਼ਾ ਦਾ ਸਾਹਮਣਾ ਕਰ ਰਹੇ ਹਨ । ਅਮਿਤ ਵਿਜ ਨੇ ਮੰਗ ਕੀਤੀ ਕਿ ਪੂਰੇ ਮਾਮਲੇ ਦੀ ਅਦਾਲਤ ਦੀ ਨਿਗਰਾਨੀ ਹੇਠ ਨਿਰਪੱਖ ਜਾਂਚ ਕਰਵਾਈ ਜਾਵੇ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ।