ਫ਼ਾਜ਼ਿਲਕਾ, 1 ਜਨਵਰੀ (ਦਵਿੰਦਰ ਪਾਲ ਸਿੰਘ)-ਕੜਾਕੇ ਦੀ ਸਰਦੀ 'ਚ ਲੋੜਵੰਦਾਂ ਨੂੰ ਠੰਢ ਤੋਂ ਬਚਾਉਣ ਦਾ ਸੰਕਲਪ ਬਹੁਤ ਹੀ ਨੇਕੀ ਦਾ ਕਾਰਜ ਹੈ | ਸਮਾਜ ਦੇ ਸਾਰੇ ਸਮਰੱਥ ਵਿਅਕਤੀਆਂ ਨੂੰ ਇਸ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ | ਇਹ ਵਿਚਾਰ ਨਗਰ ਕੌਂਸਲ ਫ਼ਾਜ਼ਿਲਕਾ ਦੇ ਪ੍ਰਧਾਨ ਸੁਰਿੰਦਰ ਸਚਦੇਵਾ ਨੇ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਆਯੋਜਿਤ ਰਜਾਈ ਵੰਡ ਸਮਾਰੋਹ ਦੌਰਾਨ ਪ੍ਰਗਟ ਕੀਤੇ | ਜ਼ਿਕਰਯੋਗ ਹੈ ਕਿ ਸ਼ਹਿਰ ਦੀ 40 ਸਾਲ ਪੁਰਾਣੀ ਮੋਹਰੀ ਸਮਾਜ ਸੇਵੀ ਸੰਸਥਾ ਸੋਸ਼ਲ ਵੈੱਲਫੇਅਰ ਸੁਸਾਇਟੀ ਵਲੋਂ ਹਰ ਸਾਲ ਨਵਾਂ ਸਾਲ ਲੋੜਵੰਦਾਂ ਨੂੰ ਰਜਾਈਆਂ ਵੰਡ ਕੇ ਮਨਾਇਆ ਜਾਂਦਾ ਹੈ | ਪ੍ਰੋਗਰਾਮ 'ਚ ਕੌਂਸਲ ਪ੍ਰਧਾਨ ਸਚਦੇਵਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਇਹ ਸੰਖੇਪ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਸੁਸਾਇਟੀ ਦੇ ਸਰਪ੍ਰਸਤ ਅਸ਼ੋਕ ਮੋਂਗਾ, ਪ੍ਰਧਾਨ ਸ਼ਸ਼ੀਕਾਂਤ, ਜਨਰਲ ਸਕੱਤਰ ਰਾਕੇਸ਼ ਗਿਲਹੋਤਰਾ, ਵਿੱਤ ਸਕੱਤਰ ਨਰੇਸ਼ ਮਿੱਤਲ, ਸੀਨੀਅਰ ਮੀਤ ਪ੍ਰਧਾਨ ਸੁਭਾਸ਼ ਅਰੋੜਾ, ਨਰੇਸ਼ ਜੁਨੇਜਾ, ਚਰਨਜੀਤ ਕੌਰ ਮੈਣੀ, ਨੀਲਮ ਸਚਦੇਵਾ, ਮੋਨਾ ਕਟਾਰੀਆ, ਕਿ੍ਸ਼ਨ ਤਨੇਜਾ ਅਤੇ ਰਜਾਈ ਵੰਡ ਪ੍ਰਾਜੈਕਟ ਇੰਚਾਰਜ ਰਵੀ ਜੁਨੇਜਾ ਦੀ ਅਗਵਾਈ ਹੇਠ ਕਰਵਾਇਆ | ਇਸ ਸੰਬੰਧੀ ਸ਼ਸ਼ੀਕਾਂਤ ਤੇ ਰਾਕੇਸ਼ ਗਿਲਹੋਤਰਾ ਨੇ ਦੱਸਿਆ ਕਿ ਇਹ ਪੜਾਅ ਰਿਟਾਇਰਡ ਪਿ੍ੰਸੀਪਲ ਰਾਜ ਕੁਮਾਰ ਕਟਾਰੀਆ ਤੇ ਉਨ੍ਹਾਂ ਦੀ ਧਰਮ ਪਤਨੀ ਸੰਤੋਸ਼ ਸਚਦੇਵਾ ਨੇ ਆਪਣੇ ਪੁਰਖਿਆਂ ਦੀ ਯਾਦ ਵਿਚ ਸੁਸਾਇਟੀ ਦੇ ਦਫ਼ਤਰ ਸਵਤੰਤਰਤਾ ਸੈਨਾਨੀ ਲਾਲਾ ਸੁਨਾਮ ਰਾਏ ਐਮ. ਏ. ਮੈਮੋਰੀਅਲ ਸੈਂਟਰ ਵਿਖੇ ਸਪਾਂਸਰ ਕੀਤਾ | ਇਨ੍ਹਾਂ ਦੇ ਨਾਲ ਹੀ ਹੰਸ ਰਾਜ ਸ਼ਰਮਾ ਸੇਵਾਮੁਕਤ ਡਿਪਟੀ ਡਾਇਰੈਕਟਰ ਖੇਤੀਬਾੜੀ, ਸਮਾਜ ਸੇਵੀ ਰਵੀ ਭੂਸ਼ਨ ਡੋਡਾ, ਬ੍ਰਹਮ ਪ੍ਰਕਾਸ਼ ਅੰਗੀ ਅਤੇ ਪੁਸ਼ਪਾ ਦੇਵੀ ਨੇ ਆਪਣੇ ਵਾਸ਼ਿੰਗਟਨ ਡੀ. ਸੀ. (ਅਮਰੀਕਾ) ਨਿਵਾਸੀ ਦੋਹਤੇ ਐਲੇਕਸ ਪ੍ਰੀਤ ਸਿੰਘ ਅਤੇ ਦੋਹਤੀ ਐਸ਼ਲੀ ਸਿੰਘ ਦੇ ਉੱਚ ਸਿੱਖਿਆ ਵਿਚ ਦਾਖ਼ਲੇ ਦੀ ਖ਼ੁਸ਼ੀ ਵਿਚ ਰਜਾਈ ਵੰਡ ਪ੍ਰਾਜੈਕਟ ਵਿਚ ਆਪਣਾ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਧੁੰਦ ਤੇ ਠੰਢ ਵਿਚ ਕਿਸੇ ਵੀ ਲੋੜਵੰਦ ਨੂੰ ਰਜਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ | ਪ੍ਰੋਗਰਾਮ 'ਚ ਕਾਰੋਬਾਰੀ ਆਸ਼ੀਸ਼ ਧੀਂਗੜਾ, ਅਨਮੋਲ ਕਵਾਤੜਾ, ਗੁਰੂ ਹਰਕਿ੍ਸ਼ਨ ਆਈ. ਟੀ. ਆਈ. ਫ਼ਾਜ਼ਿਲਕਾ ਦੇ ਸੰਚਾਲਕ ਇੰਜੀ. ਰਾਕੇਸ਼ ਭੂਸਰੀ, ਸੰਦੀਪ ਅਨੇਜਾ, ਨੰਦ ਲਾਲ ਗੁਪਤਾ, ਡਾ. ਆਸ਼ਾ ਗੁੰਬਰ, ਬਿਮਲਾ ਧਵਨ, ਰਮੇਸ਼ ਚੁਚਰਾ, ਸੁਰੇਸ਼ ਗਰਗ, ਸੁਨੀਲ ਰਾਣਾ, ਨਰਿੰਦਰ ਅਗਰਵਾਲ, ਮਹਿੰਦਰ ਤਿ੍ਪਾਠੀ, ਸ਼ਸ਼ੀ ਚੁਚਰਾ, ਦੀਪਕ ਸ਼ਰਮਾ, ਅਵਨੀਸ਼ ਸਚਦੇਵਾ, ਜਗਦੀਸ਼ ਸਿਰੋਵਾ ਅਤੇ ਹੋਰ ਵੀ ਹਾਜ਼ਰ ਸਨ | ਰਜਾਈ ਵੰਡ ਪ੍ਰੋਗਰਾਮ ਦੇ ਨਾਲ ਹੁਣ ਤੱਕ ਸੁਸਾਇਟੀ ਵਲੋਂ 6 ਪੜਾਵਾਂ 'ਚ 270 ਰਜਾਈਆਂ ਵੰਡੀਆਂ ਜਾ ਚੁੱਕੀਆਂ ਹਨ | ਵਿੱਤ ਸਕੱਤਰ ਨਰੇਸ਼ ਮਿੱਤਲ ਨੇ ਕਿਹਾ ਕਿ ਜਲਦੀ ਹੀ ਹੋਰ ਰਜਾਈਆਂ ਵੀ ਵੰਡੀਆਂ ਜਾਣਗੀਆਂ | ਪ੍ਰੋਗਰਾਮ ਦੇ ਅੰਤ ਵਿਚ ਮੁੱਖ ਮਹਿਮਾਨ ਸਚਦੇਵਾ ਤੇ ਸਮੂਹ ਸਪਾਂਸਰਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |