ਅਬੋਹਰ, 2 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਫ਼ਾਜ਼ਿਲਕਾ ਵਲੋਂ ਨਹਿਰੀ ਕਾਲੋਨੀ 'ਚ ਸੰਘਰਸ਼ ਕਮੇਟੀ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ ਗਈ, ਜਿਸ 'ਚ 75 ਸਾਲਾਂ ਤੋਂ ਵੱਧ ਪੈਨਸ਼ਨਰਾਂ ਸ਼ਾਮ ਲਾਲ ਤੇ ਚਾਂਦੀ ਰਾਮ ਨੂੰ ਸਨਮਾਨਿਤ ਕੀਤਾ | ਇਸ ਦੌਰਾਨ ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੋਪਾ ਰਾਮ ਤੇ ਜਨਰਲ ਸਕੱਤਰ ਲਾਲ ਚੰਦ ਸੱਪਾਂਵਾਲੀ ਨੇ ਕਿਹਾ ਕਿ ਜਥੇਬੰਦੀਆਂ ਵਲੋਂ ਸੰਘਰਸ਼ਾਂ ਨਾਲ ਪ੍ਰਾਪਤ ਕੀਤੀ ਬੁਢਾਪੇ ਦਾ ਸਹਾਰਾ ਪੁਰਾਣੀ ਪੈਨਸ਼ਨ ਨੂੰ ਖ਼ਤਮ ਕਰਨ ਦੀਆਂ ਕੋਝੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ ਅਤੇ ਦੂਜਾ ਪਾਸੇ ਜਿਥੇ ਰਾਜਨੀਤਿਕ ਪਾਰਟੀਆਂ ਦੇ ਐਮ. ਐਲ. ਏ. ਅਤੇ ਐਮ. ਪੀ. ਜੇਕਰ 6 ਮਹੀਨੇ ਲਈ ਚੁਣੇ ਜਾਂਦੇ ਹਨ ਤਾਂ ਉਨ੍ਹਾਂ ਨੂੰ ਸਾਰੀ ਉਮਰ ਲਈ ਪੈਨਸ਼ਨ ਦੇ ਨਾਲ-ਨਾਲ ਕਰੋੜਾਂ ਰੁਪਏ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ | ਇਸ ਤੋਂ ਇਲਾਵਾ 2004 ਤੋਂ ਬਾਅਦ ਭਾਰਤੀ ਮੁਲਾਜ਼ਮ 'ਤੇ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਹੈ ਜਿਸ 'ਚ ਰਿਟਾਇਰਮੈਂਟ ਤੋਂ ਬਾਅਦ 2000 ਤੋਂ 4000 ਰੁਪਏ ਤੱਕ ਮਿਲਦੇ ਹਨ | ਇਸੇ ਤਰ੍ਹਾਂ ਕੇਂਦਰ ਸਰਕਾਰ ਵਲੋਂ ਮਨਰੇਗਾ ਦਾ ਨਾਂਅ ਬਦਲ ਕੇ ਮਜ਼ਦੂਰਾਂ ਦੀ ਰੋਜੀ-ਰੋਟੀ ਵੀ ਖ਼ਤਮ ਕੀਤੀ ਜਾ ਰਹੀ ਹੈ | ਇਸ ਮੌਕੇ ਜੈਮਲ ਰਾਮ, ਸਰਬਜੀਤ ਸਿੰਘ, ਰਾਮ ਕੁਮਾਰ, ਬਖ਼ਸ਼ੀਸ਼ ਸਿੰਘ, ਮਹਾਂਵੀਰ, ਬਲੀ ਰਾਮ, ਸੁਰੇਸ਼ ਕੁਮਾਰ, ਭਗਵਾਨ ਰਾਮ, ਬਨ੍ਹਵਾਰੀ ਲਾਲ, ਬਲਦੇਵ, ਕਿ੍ਸ਼ਨ, ਨਰੇਸ਼ ਕੁਮਾਰ, ਰਮੇਸ਼ ਸਿੰਘ ਆਦਿ ਆਗੂ ਹਾਜ਼ਰ ਸਨ |