ਜਲਾਲਾਬਾਦ, 3 ਜਨਵਰੀ (ਕਰਨ ਚੁਚਰਾ)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਅਨੁਸਾਰ ਭਰਾਤਰੀ ਜਥੇਬੰਦੀਆਂ ਨਾਲ ਸਾਂਝੇ ਤੌਰ 'ਤੇ ਸ਼ਹਿਰ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਬਾਹਮਣੀ ਵਾਲਾ, ਟਿੰਡਾਂ ਵਾਲਾ, ਸਿਮਰਿਆਂ ਵਾਲਾ ਕਾਠਗੜ੍ਹ ਵੈਰੋਕਾ ਸਮੇਤ ਦਰਜਨਾਂ ਪਿੰਡਾਂ ਵਿਚ ਦੀ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੁਖਚੈਨ ਸਿੰਘ, ਸੂਬਾ ਕਮੇਟੀ ਮੈਂਬਰ ਰੇਸ਼ਮ ਮਿੱਡਾ, ਅÏਰਤ ਵਿੰਗ ਦੇ ਕਨਵੀਨਰ ਰਾਜ ਕੌਰ, ਬੀ.ਕੇ.ਯੂ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ, ਬਲਜੀਤ ਸਿੰਘ, ਬੀ.ਕੇ.ਯੂ ਡਕੌਂਦਾ ਜੋਗਾ ਸਿੰਘ ਭੋਡੀਪੁਰਾ, ਬੀ.ਕੇ.ਯੂ. ਡਕੌਂਦਾ ਧਨੇਰ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਢਾਬਾ ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ, ਬੀ.ਕੇ.ਯੂ ਕਾਦੀਆਂ ਦੇ ਸੂਬਾ ਮੀਤ ਪ੍ਰਧਾਨ ਮਨਪ੍ਰੀਤ ਸਿੰਘ, ਕੁੱਲ ਕਿਸਾਨ ਹਿੰਦ ਕਿਸ਼ਨ ਧਰਮੂਵਾਲਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਮਹਿੰਦਰ ਸਿੰਘ, ਬੁੱਟਰ ਗਰੁੱਪ ਬਸੰਤ ਸਿੰਘ ਗਾਮੂਵਾਲਾ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਜੋ ਨਵੇਂ ਬਿੱਲ ਲਿਆ ਕੇ ਦੇਸ਼ ਦੇ ਮਿਹਨਤਕਸ਼ ਲੋਕਾਂ ਦੇ ਹੱਥੋਂ ਰੁਜ਼ਗਾਰ ਅਤੇ ਜ਼ਮੀਨਾਂ ਖੋਹਣਾ ਚਾਹੁੰਦੀ ਹੈ ਬਿਜਲੀ ਬਿੱਲ ਲਾਗੂ ਹੋਣ ਨਾਲ ਬਿਜਲੀ ਸਬਸਿਡੀ ਖ਼ਤਮ ਅਤੇ ਇਕ ਤਰ੍ਹਾਂ ਦੀ ਮਹਿੰਗੀ ਬਿਜਲੀ ਹੀ ਖਪਤਕਾਰਾਂ ਨੂੰ ਮਿਲੇਗੀ ਅਤੇ ਜੋ ਲੋਕਾਂ ਦੇ ਟੈਕਸ ਨਾਲ ਬਿਜਲੀ ਦਾ ਢਾਂਚਾ ਵਿਕਸਿਤ ਕੀਤਾ ਗਿਆ ਹੈ, ਉਹ ਪੂੰਜੀਪਤੀਆਂ ਦੇ ਮੁਨਾਫ਼ੇ ਲਈ ਸਰਕਾਰ ਦੇਣਾ ਚਾਹੁੰਦੀ ਹੈ | ਸੀਡ ਬਿੱਲ ਨਾਲ ਦਾ ਮਕਸਦ ਸਾਫ਼ ਹੈ ਦੇਸੀ ਅਤੇ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨਾਂ ਸੌਂਪਣ ਲਈ ਰਾਹ ਪੱਧਰਾ ਕਰ ਰਹੀ ਹੈ, ਕੇਂਦਰ ਦੀ ਮੋਦੀ ਸਰਕਾਰ ਕਿਉਂਕਿ ਸੰਸਾਰ ਦੀਆਂ ਦਿਉਕੱਦ ਕੰਪਨੀਆਂ ਦਾ 75% ਬੀਜਾਂ ਅਤੇ ਪੈਸਟੀਸਾਈਡ 'ਤੇ ਪਹਿਲਾਂ ਹੀ ਕਬਜ਼ਾ ਹੈ ਜਦ ਇਹਨਾਂ ਕੰਪਨੀਆਂ ਦੇ ਰਹਿਮੋ ਕਰਮ 'ਤੇ ਕਿਸਾਨ ਹੋਵੇਗਾ ਤਾਂ ਕਿਸਾਨੀ ਦਾ ਉਜਾੜਾ ਹੋਣਾ ਤੈਅ ਹੈ | ਜਿਸ ਤਰ੍ਹਾਂ ਪਹਿਲਾਂ ਹੀ ਪੰਜਾਬ ਦੀ ਨਰਮਾ ਪੱਟੀ ਨੂੰ ਨਕਲੀ ਬੀ.ਟੀ ਕਾਟਨ ਦੇ ਬੀਜਾਂ ਦੇ ਨਾਲ ਕਿਸਾਨੀ ਨੂੰ ਬਰਬਾਦ ਕੀਤਾ ਗਿਆ ਹੈ | ਅੱਜ ਕਿਸਾਨੀ ਕੱਖੋਂ ਹੌਲੀ ਹੋਈ ਹੈ ਅਤੇ ਕਰਜ਼ਾ ਦਾ ਸ਼ਿਕਾਰ ਹੋ ਕੇ ਕਿਸਾਨ ਜ਼ਮੀਨਾਂ ਵੇਚਣ ਲਈ ਮਜਬੂਰ ਹਨ | ਮੁਕਤ ਟਰੇਡ ਸਮਝੌਤੇ ਕਰਨ ਲਈ ਕੇਂਦਰ ਸਰਕਾਰ ਲਗਾਤਾਰ ਅਮਰੀਕਾ ਦੇ ਦਬਾਅ ਹੇਠ ਚੱਲ ਰਹੀ ਹੈ, ਦੇਸ਼ ਦਾ ਖੇਤੀ ਖੇਤਰ ਅਤੇ ਸਹਾਇਕ ਧੰਦਿਆਂ ਨੂੰ ਟੈਰਿਫ਼ ਫ਼ਰੀ ਕਰਨ ਲਈ ਅਮਰੀਕਾ ਭਾਰਤ ਸਰਕਾਰ ਦੀ ਬਾਂਹ ਮਰੋੜ ਰਿਹਾ ਹੈ | ਜਿਸ ਨਾਲ ਦੇਸ਼ ਦੀ ਕਿਸਾਨੀ ਬਰਬਾਦ ਹੋ ਜਾਵੇਗੀ | ਇਸ ਕਰਕੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਲੁਟੇਰੇ ਨਿਜ਼ਾਮ ਦੇ ਖ਼ਿਲਾਫ਼ ਲੋਕ ਲਹਿਰ ਨੂੰ ਮਜ਼ਬੂਤ ਕਰਨਾ ਹਰ ਸੰਘਰਸ਼ਸ਼ੀਲ ਵਿਅਕਤੀ ਦਾ ਫ਼ਰਜ਼ ਬਣਦਾ ਹੈ ਕਿ ਲੋਕ ਲਹਿਰ ਨੂੰ ਮਜ਼ਬੂਤ ਕਰਨ ਵਿਚ ਆਪਣਾ ਯੋਗਦਾਨ ਪਾਈਏ | ਇਸ ਮੌਕੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਰਾਮ ਕਿ੍ਸ਼ਨ ਡਿਵੀਜ਼ਨ ਪ੍ਰਧਾਨ, ਡਿਵੀਜ਼ਨ ਪ੍ਰਧਾਨ ਸ਼ੇਰ ਸਿੰਘ ਫੱਤੂਵਾਲਾ ਆਦਿ ਹਾਜ਼ਰ ਸਨ |